ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਜ਼ਮਾਨਤ ਤੇ ਜੇਲ੍ਹ ਬੈਰਕ ਬਦਲਣ ਦੀ ਪਟੀਸ਼ਨ ‘ਤੇ ਅੱਜ ਮੁਹਾਲ ਕੋਰਟ ‘ਚ ਸੁਣਵਾਈ ਹੋਈ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਜ਼ਮਾਨਤ ਤੇ ਜੇਲ੍ਹ ਬੈਰਕ ਬਦਲਣ ਦੀ ਪਟੀਸ਼ਨ ‘ਤੇ ਅੱਜ ਮੁਹਾਲੀ ਕੋਰਟ ‘ਚ ਸੁਣਵਾਈ ਹੋਈ, ਪਰ ਸੁਣਵਾਈ ਦੌਰਾਨ ਕੋਈ ਫੈਸਲਾ ਨਹੀਂ ਹੋ ਸਕਿਆ। ਅਦਾਲਤ ‘ਚ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਜ਼ਮਾਨਤ ਪਟੀਸ਼ਨ ‘ਤੇ ਅਗਲੀ ਸੁਣਵਾਈ ਨੂੰ 7 ਅਗਸਤ ਨੂੰ ਹੋਵੇਗੀ, ਜਦਕਿ ਬੈਰਕ ਬਦਲਣ ਦੀ ਪਟੀਸ਼ਨ ‘ਤੇ 12 ਅਗਸਤ ਨੂੰ ਸੁਣਵਾਈ ਹੋਵੇਗੀ। ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ 25 ਜੂਨ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਫਿਲਹਾਲ ਨਿਊ ਨਾਭਾ ਜੇਲ੍ਹ ‘ਚ ਬੰਦ ਹਨ।
6ਵੀਂ ਵਾਰ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ
ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ 6ਵੀਂ ਵਾਰ ਸੁਣਵਾਈ ਹੋਈ। ਇਸ ਪਟੀਸ਼ਨ ‘ਤੇ ਕਰੀਬ 12 ਘੰਟਿਆਂ ਤੋਂ ਵੱਧ ਦੀ ਸੁਣਵਾਈ ਹੋ ਚੁੱਕੀ ਹੈ। ਇੱਕ ਪਾਸੇ ਮਜੀਠੀਆ ਦੇ ਵਕੀਲ ਮਜ਼ਬੂਤੀ ਨਾਲ ਪੱਖ ਰੱਖ ਰਹੇ ਹਨ ਤਾਂ ਦੂਜੇ ਪਾਸੇ ਸਰਕਾਰੀ ਵਕੀਲਾਂ ਵੱਲੋਂ ਵੀ ਤੱਥਾਂ ਸਮੇਤ ਦਲੀਲਾਂ ਦਿੱਤੀਆ ਗਈਆਂ।
ਬੈਰਕ ਬਦਲਣ ਦੀ ਪਟੀਸ਼ਨ, ਆਰੇਂਜ ਕੈਟੇਗਰੀ ਦਾ ਹਵਾਲਾ
ਬਿਕਰਮ ਮਜੀਠਿਆਂ ਦੀ ਦੂਜੀ ਪਟੀਸ਼ਨ ‘ਚ ਉਨ੍ਹਾਂ ਦੇ ਵਕੀਲਾਂ ਨੇ ਬੈਰਕ ਬਦਲਣ ਦੀ ਮੰਗ ਕੀਤੀ ਹੈ। ਵਕੀਲਾਂ ਨੇ ਪਟੀਸ਼ਨ ‘ਚ ਦਲੀਲ ਦਿੱਤੀ ਹੈ ਕਿ ਮਜੀਠਿਆ ਵਿਧਾਇਕ ਤੇ ਸਾਬਕਾ ਮੰਤਰੀ ਰਹਿ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਜੇਲ੍ਹ ਦੇ ਮੈਨੁਅਲ ਅਨੁਸਾਰ ਆਰੇਂਜ ਕੈਟੇਗਰੀ ਦੀਆਂ ਸੁਵਿਧਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਉਨ੍ਹਾਂ ਨੂੰ ਸਜ਼ਾ ਕੱਟ ਰਹੇ ਤੇ ਅੰਡਰ ਟ੍ਰਾਇਲ ਕੈਦੀਆਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ। ਬਿਕਰਮ ਮਜੀਠੀਆ ਦੀ ਬੈਰਕ ਬਦਲਣ ਦੀ ਪਟੀਸ਼ਨ ‘ਤੇ ਵੀ ਪਹਿਲਾਂ ਸੁਣਵਾਈ ਹੋ ਚੁੱਕੀ ਹੈ। ਮੁਹਾਲੀ ਕੋਰਟ ਨੇ ਇਸ ‘ਤੇ ਸਰਕਾਰ ਨੂੰ ਵੀ ਜਵਾਬ ਦਾਖਲ ਕਰਨ ਲਈ ਕਿਹਾ ਸੀ। ਇਸ ਪਟੀਸ਼ਨ ਦੇ 12 ਅਗਸਤ ਨੂੰ ਦੁਬਾਰਾ ਸੁਣਵਾਈ ਹੋਵੇਗੀ।