ਕੈਂਸਰ” ਸਮੇਂ ਸਿਰ ਪਛਾਣ ਤੇ ਇਲਾਜ ਜਰੂਰੀ : ਡਾ. ਰਿਚਾ ਭਾਟੀਆ
ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ‘ਤੇ ਵਿਸ਼ੇਸ਼
ਕਪੂਰਥਲਾ/ ਫਗਵਾੜਾ (ਡਾ ਰਮਨ )ਕੈਂਸਰ ਇੱਕ ਖਤਰਨਾਕ ਬੀਮਾਰੀ ਹੈ, ਜੇਕਰ ਸਮੇਂ ਸਿਰ ਇਸ ਦੇ ਲੱਛਣਾਂ ਦੀ ਪਛਾਣ ਕਰਕੇ ਇਲਾਜ ਨਾ ਸ਼ੁਰੂ ਕੀਤਾ ਜਾਏ ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ. ਰਿਚਾ ਭਾਟੀਆ ਨੇ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕੈਂਸਰ ਵਿਸ਼ਵ ਦੀ ਦੂਸਰੀ ਸਭ ਤੋਂ ਘਾਤਕ ਬੀਮਾਰੀ ਹੈ, ਜੋ ਲੋਕਾਂ ਵਿਚ ਮੌਤ ਦਾ ਕਾਰਨ ਬਣਦੀ ਹੈ।ਜਿਕਰਯੋਗ ਹੈ ਕਿ 2020 ਤੱਕ ਪੂਰੇ ਵਿਸ਼ਵ ਵਿਚ ਕੈਂਸਰ ਕਾਰਨ 10 ਮਿਲੀਅਨ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੈਂਸਰ ਦੀ ਸਮੇਂ ਸਿਰ ਪਛਾਣ ਹੋ ਜਾਏ ਤਾਂ ਇਸ ਦਾ ਇਲਾਜ ਸੰਭਵ ਹੈ ਪਰ ਕਈ ਵਾਰ ਜਾਗਰੂਕਤਾ ਦੀ ਕਮੀ ਦੇ ਚੱਲਦਿਆਂ ਮਰੀਜ ਇਸ ਦੇ ਲੱਛਣਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ,ਜਿਸ ਕਾਰਨ ਕੈਂਸਰ ਐਡਵਾਂਸ ਸਟੇਜ ‘ਤੇ ਪਹੁੰਚ ਜਾਂਦਾ ਹੈ ਅਤੇ ਮਰੀਜ਼ ਦੇ ਬਚਣ ਦੇ ਚਾਂਸ ਵੀ ਘੱਟ ਜਾਂਦੇ ਹਨ। ਇਸ ਲਈ ਕੈਂਸਰ ਦੀ ਬਿਮਾਰੀ ਪ੍ਰਤੀ ਆਮ ਜਨਤਾ ਨੂੰ ਜਾਗਰੂਕਤਾ ਹੋਣੀ ਬਹੁਤ ਜ਼ਰੂਰਤ ਹੈ ਕਿ ਇਸ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣਿਆ ਜਾ ਸਕੇ ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ।
*ਕੈਂਸਰ ਦੇ ਲੱਛਣ*
* ਬਹੁਤ ਜਿਆਦਾ ਥਕਾਵਟ ਮਹਿਸੂਸ ਹੋਣਾ।
* ਲੰਮੇ ਸਮੇਂ ਤੋਂ ਬੁਖਾਰ ਰਹਿਣਾ।
* ਇੱਕ ਦਮ ਭਾਰ ਘਟਣਾ।
* ਸਰੀਰ ਦੇ ਕਿਸੇ ਵੀ ਹੱਸੇ ਵਿਚ ਬਿਨ੍ਹਾਂ ਕਾਰਨ ਦਰਦ ਹੋਣਾ।
* ਸਕਿਨ ਦੇ ਰੰਗ ਵਿਚ ਬਦਲਾਅ।
* ਡਿਸਚਾਰਚ ਜਾਂ ਬਲੀਡਿੰਗ ਹੋਣਾ।
* ਮੂੰਹ ਵਿਚ ਛਾਲੇ ਜੋ ਠੀਕ ਨਹੀਂ ਹੋ ਰਹੇ।
* ਸਰੀਰ ਦੇ ਕਿਸੇ ਵੀ ਹਿੱਸੇ ਵਿਚ ਗੱਠ ਜਾਂ ਗਟੋਲੀ।
ਅਜਿਹੇ ਲੱਛਣ ਨਜ਼ਰ ਆਉਣ ‘ਤੇ ਬਿਨ੍ਹਾਂ ਕਿਸੀ ਦੇਰੀ ਤੇ ਮਾਹਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ । ਸਿਵਲ ਸਰਜਨ ਡਾ. ਰਿਚਾ ਭਾਟੀਆ ਨੇ ਇਹ ਵੀ ਕਿਹਾ ਕਿ ਜਾਗਰੂਕਤਾ ਵਿਚ ਹੀ ਬਚਾਅ ਹੈ। ਸਮੇਂ ਸਿਰ ਇਸ ਦੇ ਲੱਛਣਾਂ ਦੀ ਪਛਾਣ ਜਰੂਰੀ ਹੈ ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ । ਇਸ ਤੋਂ ਇਲਾਵਾ ਹੈਲਦੀ ਲਾਈਫ ਸਟਾਈਲ ਅਪਣਾਇਆ ਜਾਏ, ਸਰੀਰਕ ਗਤੀਵਿਧੀਆਂ ਕੀਤੀਆਂ ਜਾਣ ਅਤੇ ਪੌਸ਼ਟਿਕ ਆਹਾਰ ਨੂੰ ਜੀਵਨ ਦਾ ਹਿੱਸਾ ਬਣਾਇਆ ਜਾਏ। ਤੰਬਾਕੂਨੋਸ਼ੀ ਅਤੇ ਸਿਗਰਟਨੋਸ਼ੀ ਤੋਂ ਗੁਰੇਜ, ਸ਼ਰਾਬ ਤੋਂ ਪਰਹੇਜ, ਸਮੇਂ ਸਿਰ ਕੈਂਸਰ ਦੀ ਮਾਹਰਾਂ ਦੀ ਸਲਾਹ ਨਾਲ ਕਰਵਾਈ ਗਈ ਸਕ੍ਰੀਨਿੰਗ ਨਾਲ ਕੈਂਸਰ ਜਿਹੀ ਬੀਮਾਰੀ ਤੋਂ ਕਾਫੀ ਹਦ ਤੱਕ ਬਚਿਆ ਜਾ ਸਕਦਾ ਹੈ। ਜਾਗਰੂਕਤਾ ਸੈਮੀਨਾਰ ਦੌਰਾਨ ਏਸੀਐਸ ਡਾ. ਅੰਨੂ ਸ਼ਰਮਾ, ਡੀਐਫਪੀਓ ਡਾ. ਅਸ਼ੋਕ ਕੁਮਾਰ,ਡੀਡੀਐਚੳ ਡਾ. ਕਪਿਲ ਡੋਗਰਾ,ਡੀਐਚਓ ਡਾ. ਰਾਜੀਵ ਪਰਾਸ਼ਰ, ਡੀਆਈਓ ਡਾ. ਰਣਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ,ਬੀਸੀਸੀ ਜੋਤੀ ਅਨੰਦ, ਰਵਿੰਦਰ ਜੱਸਲ ਆਦਿ ਹਾਜ਼ਰ ਸਨ






































