ਪੀੜਤ ਉਜ਼ਬੇਕੀਸਤਾਨ ਦੀ ਮਹਿਲਾ ਪਿਛਲੇ ਕਰੀਬ 1 ਸਾਲ ਤੋਂ ਭਾਰਤ ‘ਚ ਰਹਿ ਰਹੀ ਸੀ।
ਲੁਧਿਆਣਾ ‘ਚ ਇੱਕ ਉਜ਼ਬੇਕੀਸਤਾਨ ਦੀ ਮਹਿਲਾ ‘ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਪੱਖੋਵਾਲ ਰੋਡ ‘ਤੇ ਮਹਿਲਾ ਦੇ ਇੱਕ ਦੋਸਤ ਨੇ ਉਸ ਨੂੰ ਗੋਲੀ ਮਾਰ ਦਿੱਤੀ, ਮੁਲਜ਼ਮ ਨਾਲ ਇੱਕ ਹੋਰ ਵਿਅਕਤੀ ਵੀ ਗੱਡੀ ‘ਚ ਮੌਜੂਦ ਸੀ। ਵਿਦੇਸ਼ੀ ਮਹਿਲਾ ਨੇ ਉਨ੍ਹਾਂ ਦੋਵਾਂ ਨਾਲ ਗੱਡੀ ‘ਚ ਬੈਠਣ ਤੋਂ ਇਨਕਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ‘ਚ ਜੇਲ੍ਹ ‘ਚ ਭੇਜ ਦਿੱਤਾ ਗਿਆ ਹੈ। ਪੀੜਤ ਉਜ਼ਬੇਕੀਸਤਾਨ ਦੀ ਮਹਿਲਾ ਪਿਛਲੇ ਕਰੀਬ 1 ਸਾਲ ਤੋਂ ਭਾਰਤ ‘ਚ ਰਹਿ ਰਹੀ ਸੀ। ਉਹ ਪਿਛਲੇ ਛੇ ਮਹੀਨੇ ਤੋਂ ਲੁਧਿਆਣਾ ਦੇ ਪਿੰਡ ਦਾਦ ਨੇੜੇ ਇੱਕ ਹੋਟਲ ‘ਚ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਉਸ ਦਾ ਪਹਿਚਾਣ ਵਾਲਾ ਬਲਵਿੰਦਰ ਸਿੰਘ ਆਪਣੇ ਦੋਸਤ ਹਰਜਿੰਦਰ ਸਿੰਘ ਦੇ ਨਾਲ ਕਾਰ ‘ਚ ਉਸ ਨੂੰ ਮਿਲਣ ਲਈ ਆਇਆ ਸੀ। ਇਸ ਤੋਂ ਬਾਅਦ ਉਸ ਨੂੰ ਉਨ੍ਹਾਂ ਨੇ ਕਾਰ ‘ਚ ਨਾਲ ਚੱਲਣ ਲਈ ਕਿਹਾ। ਮਹਿਲਾ ਨੇ ਜਦੋਂ ਬਲਵਿੰਦਰ ਨੂੰ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਡੈਸ਼ਬੋਰਡ ‘ਤੇ ਰੱਖੀ ਰਿਵਾਲਵਰ ਦਿਖਾ ਕੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਗੱਲ ਨਹੀਂ ਮੰਨੀ ਤਾਂ ਉਸ ਨੂੰ ਮਾਰ ਦੇਵੇਗਾ। ਇਸ ਤੋਂ ਬਾਅਦ ਵੀ ਮਹਿਲਾ ਨੇ ਇਨਕਾਰ ਕੀਤਾ ਤੇ ਮੁਲਜ਼ਮ ਨੇ ਫਾਇਰ ਕਰ ਦਿੱਤਾ। ਗੋਲੀ ਮਹਿਲਾ ਦੀ ਛਾਤੀ ‘ਤੇ ਲੱਗੀ ਤੇ ਉਹ ਜ਼ਖ਼ਮੀ ਹੋ ਗਈ। ਉਸ ਨੂੰ ਇੱਕ ਰਾਹਗੀਰ ਨੇ ਹਸਪਤਾਲ ਤੱਕ ਪਹੁੰਚਾਇਆ। ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਮਹਿਲਾ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਇਸ ਕਾਰਨ ਉਸ ਦਾ ਬਿਆਨ ਨਹੀਂ ਦਰਜ ਹੋ ਪਾਇਆ ਸੀ। ਡਾਕਟਰਾਂ ਦੁਆਰਾਂ ਉਸ ਨੂੰ ਫਿਟ ਘੋਸ਼ਿਤ ਕਰਨ ਤੋਂ ਬਾਅਦ ਉਸ ਦਾ ਅਧਿਕਾਰਤ ਬਿਆਨ ਦਰਜ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ‘ਚ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ।