ਕਾਰ ਚਾਲਕ ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੰਜ ਗਰਾਈਆਂ ਥਾਣਾ ਰੰਗੜ ਨੰਗਲ ਨੇ ਦੱਸਿਆ ਕਿ
ਕਾਹਨੂੰਵਾਨ-ਬਟਾਲਾ ਮੁੱਖ ਮਾਰਗ ‘ਤੇ ਸਥਿਤ ਪਿੰਡ ਕਾਲਾ ਬਾਲਾ ਸਾਹਮਣੇ ਐਤਵਾਰ ਰਾਤ ਕਰੀਬ ਸਾਢੇ ਅੱਠ ਵਜੇ ਤੇਜ਼ ਰਫ਼ਤਾਰ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਉਹ ਸੜਕ ਕਿਨਾਰੇ ਇਕ ਦਰੱਖ਼ਤ ਨਾਲ ਜਾ ਟਕਰਾਈ। ਹਾਦਸੇ ‘ਚ ਦਾਦੀ-ਪੋਤੇ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਕਾਰ ਚਾਲਕ ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੰਜ ਗਰਾਈਆਂ ਥਾਣਾ ਰੰਗੜ ਨੰਗਲ ਨੇ ਦੱਸਿਆ ਕਿ ਉਹ ਆਪਣੀ ਮਾਂ ਰੂਪਿੰਦਰ ਕੌਰ ਤੇ ਅੱਠ ਸਾਲ ਦੇ ਬੇਟੇ ਕੁੰਵਰਦੀਪ ਸਿੰਘ ਦੇ ਨਾਲ ਕਾਰ ‘ਚ ਸਵਾਰ ਹੋ ਕੇ ਵਿਆਹ ਸਮਾਗਮ ਤੋਂ ਪਿੰਡ ਵਾਪਸ ਆ ਰਹੇ ਸਨ। ਅੱਡਾ ਪੁਲ ਸੁਥਿਆਲੀ ਤੋਂ ਕੁਝ ਹੀ ਦੂਰ ਪਿੰਡ ਕਾਲਾ ਬਾਲਾ ਸਾਹਮਣੇ ਪਹੁੰਚਣ ‘ਤੇ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਉਹ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਜਾ ਟਕਰਾਈ। ਹਾਦਸੇ ‘ਚ ਉਨ੍ਹਾਂ ਦੀ ਮਾਂ ਰੂਪਿੰਦਰ ਕੌਰ ਤੇ ਬੇਟੇ ਕੁੰਵਰਦੀਪ ਸਿੰਘ ਦੀ ਮੌਤ ਹੋ ਗਈ।
ਹਾਦਸੇ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਲੋਕ ਵੀ ਮੌਕੇ ‘ਤੇ ਇਕੱਠੇ ਹੋ ਗਏ। ਇਸ ਦੌਰਾਨ ਲੋਕਾਂ ਨੇ ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀ ਨੂੰ ਤੁਰੰਤ ਇਲਾਜ ਲਈ ਸੁਥਿਆਲੀ ਅੱਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉੱਥੇ ਉਸਦੀ ਹਾਲਤ ‘ਚ ਸੁਧਾਰ ਦੱਸਿਆ ਜਾ ਰਿਹਾ ਹੈ।
ਥਾਣਾ ਕਾਹਨੂੰਵਾਨ ਦੇ ਏਐਸਆਈ ਰਣਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰੂਪਿੰਦਰ ਕੌਰ ਤੇ ਕੁੰਵਰਦੀਪ ਸਿੰਘ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।