ਜਰਮਨ ਵੱਸਦੀ ਬੀਬੀ ਗੁਲਸ਼ਨ ਨੇ 5 ਘਰਾਂ ਦਾ ਨਿਰਮਾਣ ਸ਼ੁਰੂ ਕਰਵਾਇਆ
ਹੋਮ ਫਾਰ ਹੋਮਲੈਂਸ ਸੰਸਥਾ ਦੀ ਸਮਾਜਸੇਵਾ ਤੋਂ ਪ੍ਰਭਾਵਿਤ ਹੋਇਆ ਪਰਿਵਾਰ
ਹੁਸ਼ਿਆਰਪੁਰ 1 ਦਸੰਬਰ -ਨੀਰਜ ਸਹੋਤਾ ਅਤੇ ਧਰਮਵੀਰ ਸਿੰਘ- ਦੇਸ਼ਾਂ ਵਿੱਚ ਵੱਸਦੇ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਦੇਸ਼ ਤੇ ਲੋਕਾਂ ਨਾਲ ਅਥਾਹ ਪਿਆਰ ਹੈ ਤੇ ਇਸਦੀ ਮਿਸਾਲ ਉਹ ਐੱਨ.ਆਰ.ਆਈਜ ਹਨ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਹੋਮ ਫਾਰ ਹੋਮਲੈਂਸ ਸੰਸਥਾ ਦੀ ਆਰਥਿਕ ਮਦਦ ਕਰਕੇ ਬੇਘਰੇ ਲੋਕਾਂ ਨੂੰ ਪੱਕੇ ਘਰ ਬਣਾ ਕੇ ਦੇਣ ਵਿੱਚ ਮਦਦ ਕਰ ਰਹੇ ਹਨ ਤੇ ਹੁਣ ਇਨ੍ਹਾਂ ਦਾਨੀਆਂ ਵਿੱਚ ਇੱਕ ਹੋਰ ਨਵਾਂ ਨਾਮ ਬੀਬੀ ਗੁਲਸ਼ਨ ਕੌਰ ਤੇ ਉਨ੍ਹਾਂ ਦੇ ਪਰਿਵਾਰ ਦਾ ਜੁੜ ਗਿਆ ਹੈ ਜੋ ਕਿ ਪਿਛਲੇ ਚਾਰ ਦਹਾਕਿਆਂ ਤੋਂ ਜਰਮਨੀ ਵਿੱਚ ਰਹਿ ਰਹੇ ਹਨ, ਇਹ ਪ੍ਰਗਟਾਵਾ ਕਰਦੇ ਹੋਏ ਹੋਮ ਫਾਰ ਹੋਮਲੈਂਸ ਸੰਸਥਾ ਦੇ ਪ੍ਰਧਾਨ ਵਰਿੰਦਰ ਸਿੰਘ ਪਰਹਾਰ ਨੇ ਦੱਸਿਆ ਕਿ ਬੀਬੀ ਗੁਲਸ਼ਨ ਕੌਰ ਦੇ ਪਰਿਵਾਰ ਵੱਲੋਂ ਅੱਜੋਵਾਲ ਦੇ 5 ਜਰੂਰਤਮੰਦ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਦੀ ਸੇਵਾ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਭਾਰਤੀ ਸਿੰਧੀ ਪਰਿਵਾਰ ਹੈ ਤੇ ਬੀਬੀ ਗੁਲਸ਼ਨ ਕੌਰ ਅਮਿ੍ਰਤਧਾਰੀ ਸਿੱਖ ਹਨ ਤੇ ਉਨ੍ਹਾਂ ਦੀ ਭੈਣ ਦੁਰਗੀ ਤੇ ਭਰਾ ਲਛਮਣ ਵਿਸ਼ੇਸ਼ ਤੌਰ ’ਤੇ ਇਹ ਸੇਵਾ ਆਰੰਭ ਕਰਵਾਉਣ ਲਈ ਉਨ੍ਹਾਂ ਦੇ ਨਾਲ ਹੁਸ਼ਿਆਰਪੁਰ ਪੁੱਜੇ ਹਨ। ਇਸ ਮੌਕੇ ਬੀਬੀ ਗੁਲਸ਼ਨ ਕੌਰ ਨੇ ਕਿਹਾ ਕਿ ਹੋਮ ਫਾਰ ਹੋਮਲੈਂਸ ਸੰਸਥਾ ਵੱਲੋਂ ਕੀਤੀ ਜਾ ਰਹੀ ਸੇਵਾ ਪ੍ਰਤੀ ਜਦੋਂ ਮੈਨੂੰ ਜਾਣਕਾਰੀ ਮਿਲੀ ਤਦ ਹੀ ਅਸੀਂ ਸੰਸਥਾ ਨਾਲ ਸੰਪਰਕ ਸਥਾਪਿਤ ਕੀਤਾ ਸੀ ਤੇ ਇਸ ਸਮਾਜਸੇਵਾ ਦੇ ਕਾਰਜ ਵਿੱਚ ਯੋਗਦਾਨ ਦੇਣ ਦੀ ਇੱਛਾ ਪ੍ਰਗਟ ਕੀਤੀ ਸੀ, ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਮੇਰੇ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਭਵਿੱਖ ਵਿੱਚ ਵੀ ਉਹ ਇਸ ਸੇਵਾ ਨੂੰ ਜਾਰੀ ਰੱਖਣਗੇ। ਇਸ ਮੌਕੇ ਉਕਾਂਰ ਸਿੰਘ ਧਾਮੀ ਪ੍ਰਧਾਨ ਧਰਮ ਪ੍ਰਚਾਰ ਕਮੇਟੀ, ਐਡਵੋਕੇਟ ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਕੌਰ, ਜੀਤ ਸਿੰਘ ਸੈਣੀ, ਬਿੰਦਰ ਸਰੋਆ, ਵਰਿੰਦਰ ਬੱਧਣ, ਸਰਪੰਚ ਬੱਬੂ ਸੰਧੂ ਤੇ ਪਿੰਡ ਵਾਸੀਆਂ ਵੱਲੋਂ ਬੀਬੀ ਗੁਲਸ਼ਨ ਕੌਰ ਤੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ।





































