ਹਾਲਾਤ ਇੰਨੇ ਖ਼ਰਾਬ ਹਨ ਕਿ ਪਿੰਡਾਂ ਦੀਆਂ ਗਲੀਆਂ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਈਆਂ ਹਨ।
ਅੰਮ੍ਰਿਤਸਰ ਦੇ ਅਜਨਾਲਾ ਹਲਕੇ ‘ਚ ਹੜ੍ਹ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਰਾਵੀ ਦਰਿਆ ਦਾ ਪਾਣੀ ਅੱਜ ਸਵੇਰੇ ਗੱਗੋਮਾਲ ਪਿੰਡ ਤੱਕ ਪਹੁੰਚ ਗਿਆ। ਗੱਗੋਮਾਲ ਸਮੇਤ 30 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਹਨ। ਗ੍ਰਾਮੀਣਾਂ ਨੇ ਦੱਸਿਆ ਕਿ ਪਾਣੀ ਪਿੰਡਾਂ ਦੇ ਘਰਾਂ ਤੇ ਖੇਤਾਂ ‘ਚ ਦਾਖ਼ਲ ਹੋ ਚੁੱਕਾ ਹੈ। ਬਹੁਤ ਸਾਰੇ ਪਰਿਵਾਰ ਆਪਣੇ ਪਸ਼ੂਆਂ ਤੇ ਜ਼ਰੂਰੀ ਸਮਾਨ ਸਮੇਤ ਉੱਚੇ ਥਾਵਾਂ ਵੱਲ ਰੁਖ ਕਰ ਰਹੇ ਹਨ, ਜਦੋਂਕਿ ਕਈ ਲੋਕ ਬਿਨਾਂ ਕੁਝ ਲਏ ਹੀ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ।
ਹਾਲਾਤ ਇੰਨੇ ਖ਼ਰਾਬ ਹਨ ਕਿ ਪਿੰਡਾਂ ਦੀਆਂ ਗਲੀਆਂ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਈਆਂ ਹਨ। ਇਸ ਹੜ੍ਹ ਦਾ ਸਭ ਤੋਂ ਵੱਡਾ ਅਸਰ ਆਵਾਜਾਈ ‘ਤੇ ਪਿਆ ਹੈ। ਅੰਮ੍ਰਿਤਸਰਅਜਨਾਲਾਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਡੁੱਬਣ ਕਾਰਨ ਅੰਮ੍ਰਿਤਸਰ ਦਾ ਰਮਦਾਸ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਇਹ ਸੜਕ ਲੋਕਾਂ ਲਈ ਮੁੱਖ ਰਾਹ ਸੀ, ਪਰ ਹੁਣ ਇਸ ਦੇ ਬੰਦ ਹੋਣ ਨਾਲ ਪਿੰਡ ਵਾਸੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਤ ਸਮੱਗਰੀ ਦੀ ਸਪਲਾਈ ਰੁਕ ਗਈ ਹੈ ਤੇ ਬਚਾਅ ਟੀਮਾਂ ਦਾ ਪਹੁੰਚਣਾ ਵੀ ਦਿੱਕਤ ਭਰਿਆ ਬਣ ਗਿਆ ਹੈ।
ਲੋਕ ਹੜ੍ਹ ‘ਚ ਫਸੇ ਰਿਸ਼ਤੇਦਾਰਾਂ ਦਾ ਕਰ ਰਹੇ ਇੰਤਜ਼ਾਰ
ਇਲਾਕੇ ‘ਚ ਕਈ ਜਥੇਬੰਦੀਆਂ ਵੱਲੋਂ ਰਾਸ਼ਨ ਤੇ ਹੋਰ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਹੁਤ ਸਾਰੇ ਟਰੈਕਟਰ ਪਾਣੀ ‘ਚ ਹੀ ਫਸ ਗਏ। ਇਸ ਕਰਕੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਣ ‘ਚ ਦੇਰੀ ਹੋ ਰਹੀ ਹੈ। ਦੂਜੇ ਪਾਸੇ, ਜਿਨ੍ਹਾਂ ਪਰਿਵਾਰਾਂ ਦੇ ਰਿਸ਼ਤੇਦਾਰ ਅਜੇ ਵੀ ਪਿੰਡਾਂ ਦੇ ਅੰਦਰ ਫਸੇ ਹੋਏ ਹਨ, ਉਹ ਗੱਗੋਮਾਲ ਪਿੰਡ ਨੇੜੇ ਇਕੱਠੇ ਹੋ ਕੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹਨ। ਕਈਆਂ ਨੇ ਦੱਸਿਆ ਕਿ ਦੋ ਦਿਨਾਂ ਤੋਂ ਉਹ ਆਪਣੇ ਘਰ ਵਾਲਿਆਂ ਨਾਲ ਸੰਪਰਕ ਨਹੀਂ ਕਰ ਸਕੇ ਹਨ।

ਇਸ ਹੜ੍ਹ ਨਾਲ ਖੇਤੀਬਾੜੀ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ‘ਚ ਖੜ੍ਹੀਆਂ ਫ਼ਸਲਾਂ ਪੂਰੀ ਤਰ੍ਹਾਂ ਪਾਣੀ ਹੇਠਾਂ ਆ ਗਈਆਂ ਹਨ, ਜਿਸ ਨਾਲ ਕਿਸਾਨਾਂ ਉੱਤੇ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ। ਰੋਜ਼ਾਨਾ ਦੇ ਜੀਵਨ ਦੀ ਰਫ਼ਤਾਰ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ।
AAP ਦੇ ਲੋਕ ਸਭਾ ਹਲਕਾ ਇੰਚਾਰਜ ਜਸਕਰਨ ਸਿੰਘ ਨੇ ਕੀਤਾ ਦੌਰਾ
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਇੰਚਾਰਜ ਜਸਕਰਨ ਸਿੰਘ ਵੀ ਪ੍ਰਭਾਵਿਤ ਪਿੰਡਾਂ ‘ਚ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਦਾ ਦੌਰਾ ਕਰਕੇ ਉਹ ਹਾਈ ਕਮਾਂਡ ਨੂੰ ਰਿਪੋਰਟ ਭੇਜ ਰਹੇ ਹਨ ਤੇ ਹਰ ਸੰਭਵ ਮਦਦ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਤੇ ਸਰਕਾਰ ਦੋਵਾਂ ਵੱਲੋਂ ਰਾਹਤ ਕਾਰਜਾਂ ਨੂੰ ਤੇਜ਼ ਕੀਤਾ ਜਾ ਰਿਹਾ ਹੈ।