CM ਮਾਨ ਨੇ ਕਿਹਾ ਕਿ ਗਰੀਬ ਦਾ ਬੱਚਾ ਕਿਤਾਬ ਰਾਹੀਂ ਆਪਣੀ ਕਿਸਪਤ ਬਦਲ ਸਕਦਾ ਹੈ ਤੇ ਉਸ ਲਈ ਹੋਰ ਕੋਈ ਰਸਤਾ ਨਹੀਂ ਹੁੰਦਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ ‘ਤੇ ਹਨ। ਉਨ੍ਹਾਂ ਨੇ ਇੱਥੇ ਅੱਜ ਐਸਸੀ ਵਿਦਿਆਰਥੀਆਂ ਨੂੰ 271 ਕਰੋੜ ਰੁਪਏ ਦੀ ਪੋਸਟ-ਮੈਟ੍ਰਿਕ ਸਕਾਲਰਸ਼ਿਪ ਵੰਡੀ। ਇਸ ਦੌਰਾਨ ਮੁੱਖ ਮੰਤਰੀ ਦੇ ਨਾਲ ਸਟੇਜ ‘ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਮਾਜਿਕ ਨਿਆ, ਬਾਲ ਤੇ ਇਸਤਰੀ ਭਲਾਈ ਮੰਤਰੀ ਡਾ. ਬਲਜੀਤ ਕੌਰ, ਜਲੰਧਰ ਤੋਂ ਮੰਤਰੀ ਮੋਹਿੰਦਰ ਭਗਤ, ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ, ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਮੌਜੂਦ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਲੱਖਾਂ ਉਹ ਵਿਦਿਆਰਥੀ, ਜੋਂ ਆਪਣੇ ਭਵਿੱਖ ਲਈ ਕਾਲਜਾਂ-ਯੂਨੀਵਰਸਿਟੀਆਂ ‘ਚ ਉੱਚ ਸਿੱਖਿਆ ਦਾ ਸੁਪਨਾ ਲੈ ਰਹੇ ਹਨ, ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਨੂੰ ਵੀ ਇੱਕ ਛੋਟਾ ਜਿਹਾ ਯੋਗਦਾਨ ਪਾਉਣ ਦਾ ਮੌਕਾ ਮਿਲਿਆ। ਐਸਸੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਹ ਛੋਟਾ ਜਿਹਾ ਉਪਰਾਲਾ ਹੈ। ਅੱਜ ਵਿੱਦਿਆ ਦੇ ਸੂਰਜ ਨੂੰ ਤੁਹਾਡੇ ਘਰਾਂ ਦੇ ਵਿਹੜਿਆਂ ਤੱਕ ਪਹੁਚਾਉਣ ਦਾ ਉਪਰਾਲਾ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੀਆਂ ਸਤਰਾਂ ਸੱਚ ਹੋ ਜਾਣ ਕਿ ਹਰ ਕਿਸਮ ਦਾ ਹਨੇਰਾ ਵਿੱਦਿਆ ਦੂਰ ਕਰ ਸਕਦੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਲੱਖਾਂ ਬੱਚਿਆਂ ਨੂੰ ਸਕਾਲਰਸ਼ਿਪ ਜਾਰੀ ਕਰ ਦਿੱਤੀ ਗਈ ਹੈ। ਇਸ ਵਾਰ ਸਕਾਲਰਸ਼ਿਪ ‘ਚ ਪਿਛਲੀ ਵਾਰ ਨਾਲੋਂ 35 ਫ਼ੀਸਦੀ ਵਾਧਾ ਹੋ ਗਿਆ। ਵਜ਼ੀਫੇ ਲੈਣ ਵਾਲੇ ‘ਚ ਇਹ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਪੜ੍ਹਾਈ ਕਰਨ ਵਾਲਿਆਂ ‘ਚ ਵਾਧਾ ਹੋ ਗਿਆ ਹੈ ਤੇ ਸੁਪਨਿਆਂ ‘ਚ ਵਾਧਾ ਹੋ ਗਿਆ ਹੈ। ਇਹ ਸਰਕਾਰ ਦਾ ਫਰਜ਼ ਹੈ, ਇਹ ਕਿਸੇ ਵੀ ਤਰ੍ਹਾਂ ਦਾ ਅਹਿਸਾਨ ਨਹੀਂ ਹੈ। ਅਸੀਂ ਸਾਰੇ ਵਰਗ ਦੇ ਲੋਕਾਂ ਨੂੰ ਅੱਗੇ ਵਧਾਉਣ ਦਾ ਟੀਚਾ ਰੱਖਿਆ ਹੈ, ਚਾਹੇ ਹੋ ਕਿਸਾਨ ਹੋਵੇ ਜਾਂ ਦੁਕਾਨਦਾਰ।
ਉਨ੍ਹਾਂ ਨੇ ਇਸ ਦੌਰਾਨ ਪਿਛਲੀਆਂ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ 2017 ਤੋਂ 2020 ਇੱਕ ਅਜਿਹਾ ਬੈਚ ਆਇਆ ਕਿ ਮੰਤਰੀ ਤੇ ਸਰਕਾਰ ਅਜਿਹੀ ਆ ਗਈ ਕਿ ਉਨ੍ਹਾਂ ਨੇ ਪ੍ਰੀ-ਮੈਟ੍ਰਿਕ ਤੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਰੋਕ ਦਿੱਤੀ। ਕਿਸੇ ਦਾ ਰੋਲ ਨੰਬਰ ਨਹੀਂ ਆਏ, ਜਿਨ੍ਹਾਂ ਨੇ ਪੇਪਰ ਦੇ ਦਿੱਤੇ ਉਨ੍ਹਾਂ ਦੀਆਂ ਮਾਰਕਸ਼ੀਟਾਂ ਨਹੀਂ ਆਈਆਂ। ਸੀਐਮ ਮਾਨ ਨੇ ਕਿਹਾ ਕਿ ਮੈਂ ਉਸ ਸਮੇਂ ਲੋਕ ਸਭਾ ਦਾ ਮੈਂਬਰ ਹੁੰਦਾ ਸੀ, ਕਈਆਂ ਬੱਚਿਆਂ ਦੇ ਵਜ਼ੀਫੇ ਮੈਂ ਪ੍ਰਿੰਸੀਪਲਸ ਨੂੰ ਕਹਿ ਕੇ ਦਵਾਏ, ਫਿਰ ਪਤਾ ਕਰਵਾਇਆ ਕਿ ਅਜਿਹੇ ਹੋਰ ਵੀ ਕਈ ਬੱਚੇ ਹੋਣਗੇ। ਉਨ੍ਹਾਂ ਨੇ ਕਿਹਾ ਜਦੋਂ ਪਤਾ ਕਰਵਾਇਆ ਗਿਆ ਤਾਂ ਬਹੁਤ ਵੱਡਾ ਸਕੈਮ ਉਹ ਕਰ ਗਏ ਸਨ।
ਸੀਐਮ ਮਾਨ ਨੇ ਕਿਹਾ ਕਿ ਗਰੀਬ ਦਾ ਬੱਚਾ ਕਿਤਾਬ ਰਾਹੀਂ ਆਪਣੀ ਕਿਸਪਤ ਬਦਲ ਸਕਦਾ ਹੈ ਤੇ ਉਸ ਲਈ ਹੋਰ ਕੋਈ ਰਸਤਾ ਨਹੀਂ ਹੁੰਦਾ। ਗਰੀਬ ਦਾ ਬੱਚਾ ਹੁਸ਼ਿਆਰ ਹੁੰਦਾ ਹੈ, ਜੋ ਸਾਈਕਲ ‘ਤੇ ਜਾਂਦਾ ਹੈ ਜੋ ਬੱਸਾਂ ਦੀਆਂ ਤਾਕੀਆਂ ਨਾਲ ਲਟਕ ਕੇ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਈ ਸਰਕਾਰਾਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਜਾਣ-ਬੁਝ ਕੇ ਲੋਕਾਂ ਨੂੰ ਅਨਪੜ੍ਹ ਰੱਖਦੀਆਂ ਹਨ, ਉਹ ਸੋਚਦੇ ਹਨ ਕਿ ਜੋ ਇਹ ਪੜ੍ਹ ਗਏ ਤਾਂ ਇਹ ਸੋਚਣ ਲੱਗ ਜਾਣਗੇ, ਨੌਕਰੀਆਂ ਲੈ ਲੈਣਗੇ ਤੇ ਗਰੀਬੀਆਂ ਚੱਕ ਦੇਣਗੇ ਤੇ ਗਰੀਬੀ ਚੱਕੀ ਗਈ ਤਾਂ ਮੰਤਰੀਆਂ ਕੋਲ ਕੌਣ ਆਵੇਗਾ।