ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਬੀਬੀ ਰਜਿੰਦਰ ਕੌਰ ਭੱਠਲ ਨੂੰ ਰਾਜਨੀਤਿਕ ਫਾਇਦੇ ਦੇ ਲਈ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਬੰਬ ਵਿਸਫੋਟ ਵਾਲੇ ਬਿਆਨ ‘ਤੇ ਸਿਆਸਤ ਗਰਮਾ ਗਈ ਹੈ। ਇਸ ਬਿਆਨ ‘ਤੇ ਭੱਠਲ ਦੇ ਨਾਲ-ਨਾਲ ਕਾਂਗਰਸ ਨੂੰ ਵੀ ਘੇਰਿਆ ਜਾ ਰਿਹਾ ਹੈ। ਵਿਰੋਧੀ ਧਿਰਾਂ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਕਿਹਾ ਸਰਕਾਰ ਨੂੰ ਇਨ੍ਹਾਂ ਬਿਆਨਾਂ ਦੇ ਆਧਾਰ ‘ਤੇ ਐਫਆਈਆਰ ਦਰਜ ਕਰਨੀ ਚਾਹੀਦੀ ਹੈ।
ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਬੀਬੀ ਰਜਿੰਦਰ ਕੌਰ ਭੱਠਲ ਨੂੰ ਰਾਜਨੀਤਿਕ ਫਾਇਦੇ ਦੇ ਲਈ ਪੰਜਾਬ ‘ਚ ਬੰਬ ਧਮਾਕੇ ਕਰਵਾਉਣ ਦੀ ਸਲਾਹ ਦੇਣ ਵਾਲੇ ਅਧਿਕਾਰੀਆਂ ਤੇ ਸਲਾਹਕਾਰਾਂ ਦੇ ਨਾਮ ਜਨਤਕ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦੇਣੀ ਚਾਹੀਦੀ ਹੇ ਤਾਂ ਜੋ ਪੰਜਾਬ ‘ਚ ਬੰਬ ਧਮਾਕਿਆਂ ਦੀ ਸਲਾਹ ਦੇਣ ਵਾਲੀਆਂ ਤਾਕਤਾਂ ਬੇਨਕਾਬ ਹੋ ਸਕਣ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਵੀ ਅੱਗੇ ਵੱਧ ਕੇ, ਅਜਿਹੇ ਮਾਮਲਿਆਂ ਸਮੇਤ ਉਸ ਦੌਰ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ Truth and Reconciliation Commission (TRC) ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕਾਂਗਰਸ ਨੂੰ ਘੇਰਿਆ
ਦੱਸ ਦੇਈਏ ਕਿ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਹਾਲੀਆ ਬਿਆਨ ਤੇ ਕੜਾ ਇਤਰਾਜ਼ ਜਤਾਇਆ। ਉਨ੍ਹਾਂ ਨੇ ਕਿਹਾ ਕਿ ਭੱਠਲ ਵੱਲੋਂ ਦਿੱਤਾ ਗਿਆ ਬਿਆਨ ਪੰਜਾਬ ਲਈ ਬਹੁਤ ਹੀ ਗੰਭੀਰ, ਸੰਜੀਦਾ ਤੇ ਚਿੰਤਾਜਨਕ ਹੈ, ਜਿਸ ਨੂੰ ਦੁਨੀਆ ਭਰ ਚ ਵੱਸਦੇ ਪੰਜਾਬੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਭੱਠਲ ਨੇ ਆਪਣੇ ਬਿਆਨ ਚ ਮੰਨਿਆ ਹੈ ਕਿ ਜਦੋਂ ਉਹ ਮੁੱਖ ਮੰਤਰੀ ਸਨ, ਉਸ ਸਮੇਂ ਕੁੱਝ ਅਫਸਰਾਂ ਤੇ ਸਲਾਹਕਾਰਾਂ ਵੱਲੋਂ ਇਹ ਸਲਾਹ ਦਿੱਤੀ ਗਈ ਸੀ ਕਿ ਜੇ ਪੰਜਾਬ ਦੀਆਂ ਬੱਸਾਂ, ਰੇਲਾਂ ਤੇ ਚੌਂਕਾਂ ਚ ਬੰਬ ਧਮਾਕੇ ਕਰਵਾਏ ਜਾਣ, ਤਾਂ ਕਾਂਗਰਸ ਦੀ ਸਰਕਾਰ ਦੁਬਾਰਾ ਬਣ ਸਕਦੀ ਹੈ। ਧਾਲੀਵਾਲ ਨੇ ਕਿਹਾ ਕਿ ਇਹ ਬਿਆਨ ਸਾਬਤ ਕਰਦਾ ਹੈ ਕਿ ਕਾਂਗਰਸ ਨੇ ਆਪਣੀ ਕੁਰਸੀ ਲਈ ਪੰਜਾਬ ਦੇ ਅਮਨ-ਚੈਨ ਨੂੰ ਬਾਰ-ਬਾਰ ਤਬਾਹ ਕੀਤਾ। ਉਨ੍ਹਾਂ ਕਿਹਾ ਕਿ 80ਵੇਂ ਤੇ 90ਵੇਂ ਦਹਾਕੇ ਦੌਰਾਨ ਪੰਜਾਬ ਨੇ ਜੋ ਕਾਲਾ ਦੌਰ ਦੇਖਿਆ, ਉਸ ਦੀਆਂ ਜੜ੍ਹਾਂ ਇਨ੍ਹਾਂ ਹੀ ਸਾਜ਼ਿਸ਼ਾਂ ਚ ਹਨ। ਹਜ਼ਾਰਾਂ ਨੌਜਵਾਨ ਮਾਰੇ ਗਏ, ਹਜ਼ਾਰਾਂ ਪਰਿਵਾਰ ਉਜੜ ਗਏ ਤੇ ਅੱਜ ਵੀ ਕਈ ਬੇਗੁਨਾਹ ਜੇਲ੍ਹਾਂ ਚ ਸੜ ਰਹੇ ਹਨ।