ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਅਜਨਾਲਾ ਦਾਣਾ ਮੰਡੀ ‘ਚ ਇੱਕ ਵਿਸ਼ਾਲ ਜਨ ਸਭਾ ਦਾ ਆਯੋਜਨ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੱਜ ਅੰਮ੍ਰਿਤਸਰ ਦੌਰੇ ਦਾ ਦੂਜਾ ਦਿਨ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਜਨਾਲਾ ਦੇ ਲੋਕਾਂ ਨੂੰ ਵੱਡੀ ਸੌਗਾਤ ਦੇਣ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਡਿਗਰੀ ਕਾਲਜ ਦਾ ਨੀਂਹ-ਪੱਥਰ ਰੱਖਣਗੇ। ਇਸ ਦੇ ਨਾਲ ਹੀ ਦਾਣਾ ਮੰਡੀ ‘ਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।
ਲੰਬੇ ਸਮੇਂ ਤੋਂ ਅਜਨਾਲਾ ਹਲਕੇ ਵੱਲੋਂ ਸਿੱਖਿਆ ਸੰਸਥਾਨ ਦੀ ਮੰਗ ਕੀਤੀ ਜਾ ਰਹੀ ਸੀ, ਜੋ ਹੁਣ ਪੂਰੀ ਹੋਣ ਜਾ ਰਹੀ ਹੈ। ਇਸ ਕਾਲਜ ਨਾਲ ਅਜਨਾਲਾ ਤੇ ਹੋਰ ਨੇੜੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਦੂਰ ਜਾਉਣ ਦੀ ਲੋੜ ਨਹੀ ਪਵੇਗੀ।
ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਅਜਨਾਲਾ ਦਾਣਾ ਮੰਡੀ ‘ਚ ਇੱਕ ਵਿਸ਼ਾਲ ਜਨ ਸਭਾ ਦਾ ਆਯੋਜਨ ਕੀਤਾ ਗਿਆ ਹੈ। ਇਸ ‘ਚ ਅਜਨਾਲਾ ਸਮੇਤ ਨੇੜੇ ਦੇ ਇਲਾਕਿਆਂ ਦੇ ਲੋਕਾਂ ਦੀ ਵੱਡੀ ਗਿਣਤੀ ਪਹੁੰਚਣ ਦੀ ਉਮੀਦ ਹੈ। ਇਲਾਕੇ ‘ਚ ਸੀਐਮ ਦੇ ਦੌਰੇ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਸਰਕਾਰੀ ਕਾਲੇਜ ਦਾ 2022 ਚੋਣਾਂ ‘ਚ ਕੀਤਾ ਸੀ ਵਾਅਦਾ
ਦੱਸ ਦੇਈਏ ਕਿ 2022 ਦੀਆਂ ਚੋਣਾਂ ਦੌਰਾਨ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੇ ਕਾਲਜ ਬਣਾਉਣ ਦਾ ਵਾਅਦਾ ਕੀਤਾ ਸੀ। ਇਹ ਵਾਅਦਾ ਅੱਜ ਪੂਰਾ ਹੋਣ ਜਾ ਰਿਹਾ ਹੈ। ਅਜਨਾਲਾ ਦੇ ਪਿੰਡ ਬਿਕਰਾਊਰ ‘ਚ ਸਰਕਾਰੀ ਡਿਗਰੀ/ਵੋਕੇਸ਼ਨਲ ਟ੍ਰੇਨਿੰਗ ਕਾਲਜ ਦਾ ਅੱਜ ਮੁੱਖ ਮੰਤਰੀ ਨੀਂਹ ਪੱਥਰ ਰੱਖਣਗੇ।
ਕਾਲਜ ਬਣਨ ਦੇ ਨਾਲ ਸਰਹੱਦੀ ਇਲਾਕਿਆਂ ਦੇ ਬੱਚਿਆਂ ਨੂੰ, ਖਾਸ ਤੌਰ ‘ਤੇ ਪੇਂਡੂ ਇਲਾਕੇ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਮਿਲੇਗੀ। ਇਸ ਦੇ ਨਾਲ ਹੀ ਰੁਜ਼ਗਾਰ ਨੇ ਨਵੇਂ ਮੌਕੇ ਵੀ ਪੈਦਾ ਹੋਣਗੇ।