ਬੀਤੇ ਦਿਨਾਂ ਮੀਡੀਆ ‘ਚ ਕਈ ਚਰਚਾਵਾਂ ਸਨ ਕਿ ਮੁਲਜ਼ਮਾਂ ਨੇ ਕਮਲ ਕੌਰ ਭਾਬੀ ਨਾਲ ਜਬਰ-ਜਿਨਾਹ ਦੀ ਵਾਰਦਾਤ ਨੂੰ ਵੀ ਅੰਜ਼ਾਮ ਦਿੱਤਾ ਸੀ?
ਲੁਧਿਆਣਾ ਦੀ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਚੁੱਕੀ ਹੈ, ਜਿਸ ‘ਚ ਪੁਸ਼ਟੀ ਹੋਈ ਹੈ ਕਿ ਉਸ ਦੀ ਮੌਤ ਗਲਾ ਘੁੱਟਣ ਨਾਲ ਹੋਈ ਸੀ। ਹਾਲਾਂਕਿ, ਬੀਤੇ ਦਿਨਾਂ ਮੀਡੀਆ ‘ਚ ਕਈ ਚਰਚਾਵਾਂ ਸਨ ਕਿ ਮੁਲਜ਼ਮਾਂ ਨੇ ਕਮਲ ਕੌਰ ਭਾਬੀ ਨਾਲ ਜਬਰ-ਜਿਨਾਹ ਦੀ ਵਾਰਦਾਤ ਨੂੰ ਵੀ ਅੰਜ਼ਾਮ ਦਿੱਤਾ ਸੀ? ਪਰ ਪੋਸਟਮਾਰਟਮ ਰਿਪੋਰਟ ‘ਚ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਉੱਥੇ ਹੀ ਇਸ ਕਤਲ ਦਾ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਖਿਲਾਫ਼ ਅਰੈਸਟ ਵਾਰੰਟ ਜਾਰੀ ਹੋ ਗਿਆ ਹੈ। ਉਸ ਨੂੰ ਯੂਏਈ ਤੋਂ ਵਾਪਸ ਲਿਆਉਣ ਲਈ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਦੱਸ ਦਈਏ ਕੀ ਮਹਿਰੋਂ ਕਤਲ ਵਾਲੇ ਦਿਨ ਹੀ ਯੂਏਈ ਫ਼ਰਾਰ ਹੋ ਗਿਆ ਸੀ।
ਉੱਥੇ ਹੀ, ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋ ਸਾਥੀ, ਜਿਨ੍ਹਾਂ ਨੇ ਇਸ ਕਤਲ ਨੂੰ ਅੰਜ਼ਾਮ ਦਿੱਤਾ ਸੀ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਨੇ ਜਦੋਂ ਇਸ ਕੇਸ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਟ੍ਰੈਵਲ ਹਿਸਟਰੀ ਚੈੱਕ ਕੀਤੀ ਤਾਂ ਪਤਾ ਚੱਲਿਆ ਕਿ ਉਹ ਵਾਰਦਾਤ ਵਾਲੇ ਦਿਨ ਹੀ ਯੂਏਈ ਫ਼ਰਾਰ ਹੋ ਗਿਆ ਸੀ। ਪੁਲਿਸ ਜਾਂਚ ‘ਚ ਇਹ ਵੀ ਪਤਾ ਚੱਲਿਆ ਕਿ ਉਸ ਨੂੰ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣ ‘ਚ ਦੋ ਲੋਕਾਂ ਨੇ ਮਦਦ ਕੀਤੀ ਸੀ। ਇਨ੍ਹਾਂ ‘ਚੋਂ ਇੱਕ ਵਿਅਕਤੀ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ, ਜਦਿਕ ਇੱਕ ਹੋਰ ਵਿਅਕਤੀ ਵੀ ਇਸ ‘ਚ ਸ਼ਾਮਲ ਸੀ, ਜਿਸ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਪੁਲਿਸ ਨੇ ਰਣਜੀਤ ਸਿੰਘ ਦਾ ਵੀ ਐਲਓਸੀ (ਲੁਕਆਉਟ ਸਰਕੁਲਰ) ਜਾਰੀ ਕਰ ਦਿੱਤਾ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਈ ਜਗ੍ਹਾਵਾਂ ‘ਤੇ ਛਾਪੇਮਾਰੀ ਵੀ ਕਰ ਰਹੀ ਹੈ।
ਇਨਫਲੂਐਂਸਰ ਸੁਰਲੀਨ ਨੇ ਕੀਤੇ ਕਈ ਖੁਲਾਸੇ…
ਕੈਨੇਡਾ ਦੀ ਇਨਫਲੂਐਂਸਰ ਸੁਰਲੀਨ ਕੌਰ ਨੇ ਇੱਕ ਟੀਵੀ ਚੈੱਨਲ ਨੂੰ ਦਿੱਤੇ ਗਏ ਇੰਟਰਵਿਊ ‘ਚ ਦੱਸਿਆ ਕਿ ਕਮਲ ਕੌਰ ਭਾਬੀ ਤਿੰਨ ਸਾਲ ਪਹਿਲਾਂ ਵਿਦੇਸ਼ ਵਸਣਾ ਚਾਹੁੰਦੀ ਸੀ। ਇਸ ਬਾਰੇ ਕਮਲ ਨੇ ਉਸ ਨਾਲ ਗੱਲਬਾਤ ਵੀ ਕੀਤੀ ਸੀ। ਭਾਰਤ ‘ਚ ਟਿਕ-ਟਾਕ ਬੈਨ ਹੈ ਤਾਂ ਉਹ ਵਿਦੇਸ਼ ‘ਚ ਰਹਿ ਕੇ ਟਿਕ-ਟਾਕ ‘ਤੇ ਆਪਣੀਆਂ ਵੀਡੀਓਜ਼ ਅਪਲੋਡ ਕਰਨਾ ਚਾਹੁੰਦੀ ਸੀ। ਸੁਰਲੀਨ ਨੇ ਇਹ ਵੀ ਦੱਸਿਆ ਕਿ ਕਮਲ ਕੌਰ ਨੇ ਮਿਲ ਰਹੀਆਂ ਧਮਕੀਆਂ ਬਾਰੇ ਵੀ ਗੱਲ ਕੀਤੀ ਸੀ।
ਸੁਰਲੀਨ ਨੇ ਇਹ ਵੀ ਦਾਅਵਾ ਕੀਤਾ ਕਿ ਕਮਲ ਕੌਰ ਭਾਬੀ ਦਾ ਬੁਆਏਫ੍ਰੈਂਡ ਵੀ ਸੀ। ਸੁਰਲੀਨ ਨੇ ਕਿਹਾ ਕਿ ਹਾਲ ਹੀ ‘ਚ ਕਮਲ ਕੌਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਇੱਕ ਮੁੰਡੇ ਦੀ ਆਵਾਜ਼ ਸੁਣਾਈ ਦੇ ਰਹੀ ਹਸੀ। ਹਾਲਾਂਕਿ, ਸੁਰਲੀਨ ਨੇ ਉਸ ਦਾ ਨਾਂ ਨਹੀਂ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਉਸ ਵੀਡੀਓ ‘ਚ ਜੋ ਗੀਤ ਚੱਲ ਰਿਹਾ ਹੈ, ਉਹ 2 ਮਹੀਨੇ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਇਸ ਦਾ ਮਤਲਬ ਹੈ ਕਿ ਕਮਲ ਕੌਰ ਭਾਬੀ ਉਸ ਸਮੇਂ ਆਪਣੇ ਬੁਆਏਫ੍ਰੈਂਡ ਨਾਲ ਮਿਲੀ ਸੀ।