ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਲਗਾਤਾਰ ਪੀਐਮ ਨਰੇਂਦਰ ਮੋਦੀ ਨਾਲ ਮੁਲਾਕਾਤ ਲਈ ਟਾਈਮ ਮੰਗ ਰਹੇ ਸਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਉਹ ਗ੍ਰਹਿ ਮੰਤਰੀ ਨੂੰ ਹੜ੍ਹ ਦੇ ਨੁਕਸਾਨ ਵਾਰੇ ਦੱਸਣਗੇ। ਇਸ ਤੋਂ ਇਲਾਵਾ ਸਟੇਟ ਡਿਜਾਸਟਰ ਰਿਲੀਫ ਫੰਡ (ਐਸਡੀਰਆਰਐਫ) ਦੇ ਨਿਯਮਾਂ ‘ਚ ਛੋਟ ਦੀ ਵੀ ਮੰਗ ਕਰਨਗੇ ਤੇ ਪੰਜਾਬ ਲਈ 20 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਰੱਖਣਗੇ।
ਹਾਲਾਂਕਿ, ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਲਗਾਤਾਰ ਪੀਐਮ ਨਰੇਂਦਰ ਮੋਦੀ ਨਾਲ ਮੁਲਾਕਾਤ ਲਈ ਟਾਈਮ ਮੰਗ ਰਹੇ ਸਨ। ਪਰ, ਪੀਐਮ ਆਫਿਸ ਵੱਲੋਂ ਟਾਈਮ ਨਹੀਂ ਮਿਲਿਆ, ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ‘ਚ ਬੁਲਾਏ ਗਏ ਵਿਸ਼ੇਸ਼ ਇਜਲਾਸ ‘ਚ ਪੀਐਮਓ ਦਾ ਨਿੰਦਾ ਪ੍ਰਸਤਾਵ ਤੱਕ ਪਾਸ ਕੀਤਾ ਗਿਆ। ਹੁਣ ਸੀਐਮ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ।
ਪੰਜਾਬ ਸਰਕਾਰ ਦੀਆਂ ਕੇਂਦਰ ਤੋ ਮੰਗਾਂ
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਹੜ੍ਹ ਨਾਲ ਪੰਜਾਬ ‘ਚ ਲਗਭਗ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਲਈ ਕੇਂਦਰ ਨੂੰ ਪੰਜਾਬ ਦੇ ਲਈ ਇੰਨਾ ਹੀ ਰਿਲੀਫ ਫੰਡ ਜਾਰੀ ਕਰਨਾ ਚਾਹੀਦਾ ਹੈ। ਹਾਲਾਂਕਿ, ਪੀਐਮ ਮੋਦੀ ਨੇ ਪੰਜਾਬ ਦਾ ਦੌਰਾ ਕੀਤਾ ਸੀ ਤਾਂ ਉਨ੍ਹਾਂ ਨੇ ਪੰਜਾਬ ਲਈ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਿਆ ਸੀ। ਕੇਂਦਰ ਦਾ ਕਹਿਣਾ ਸੀ ਕਿ 12 ਹਜ਼ਾਰ ਕਰੋੜ ਪਹਿਲਾਂ ਹੀ ਸੂਬੇ ਕੋਲ ਐਸਡੀਆਰਐਫ ‘ਚ ਪਿਆ ਹੋਇਆ ਹੈ।
ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਐਸਡੀਆਰਐਫ ਨਿਯਮਾਂ ਤਹਿਤ ਮੁਆਵਜ਼ਾ ਬਹੁਤ ਘੱਟ ਹੈ। ਪੰਜਾਬ ਸਰਕਾਰ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੁੰਦੀ ਹੈ। ਸੀਐਮ ਨੇ ਵਿਧਾਨ ਸਭਾ ਵਿਸ਼ੇਸ਼ ਇਜਲਾਸ ‘ਚ ਕਿਹਾ ਸੀ ਕਿ ਫਸਲਾਂ ਦੇ 26 ਤੋਂ 33 ਫ਼ੀਸਦੀ ਨੁਕਸਾਨ ਲਈ ਫੰਡ 2000 ਤੋਂ ਵਧਾ ਕੇ 10 ਹਜ਼ਾਰ ਕਰ ਰਹੇ ਹਾਂ। 33 ਤੋਂ 75 ਫ਼ੀਸਦੀ ਦੇ ਨੁਕਸਾਨ ਦਾ ਮੁਆਵਜ਼ਾ ਵਧਾ ਕੇ 10 ਹਜ਼ਾਰ ਕਰ ਰਹੇ ਹਾਂ। 75 ਤੋਂ 100 ਫ਼ੀਸਦੀ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਵਧਾ ਕੇ 20 ਹਜ਼ਾਰ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਸੀ ਕਿ ਇਸ ਓਦੋਂ ਹੀ ਸੰਭਵਾ ਹੋ ਸਕੇਗਾ, ਜਦੋਂ ਨਿਯਮਾਂ ‘ਚ ਛੋਟ ਮਿਲੇਗੀ, ਨਹੀਂ ਤਾਂ ਸਰਕਾਰ ਆਪਣੇ ਵੱਲੋਂ ਇਸ ‘ਚ ਵਧੀ ਹੋਈ ਰਕਮ ਜੋੜੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੀ ਪੰਜਾਬ ਦਾ ਦੌਰਾ, ਹਸਪਤਾਲ ‘ਚ ਦਾਖਲ ਸਨ ਸੀਐਮ
ਪ੍ਰਧਾਨ ਮੰਤਰੀ ਨਰੇਂਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਆਏ ਸਨ। ਹਾਲਾਂਕਿ, ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਸਨ। ਇਸ ਕਰਕੇ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਹੀਂ ਕਰ ਪਾਏ ਸਨ। ਠੀਕ ਹੋਣ ਤੋਂ ਬਾਅਦ ਸੀਐਮ ਮਾਨ ਨੇ ਕਿਹਾ ਸੀ ਕਿ ਉਹ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ, ਪਰ ਹੁਣ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੀਐਮ ਮੁਲਾਕਾਤ ਲਈ ਸਮਾਂ ਨਹੀਂ ਦੇ ਰਹੇ ਹਨ।