ਹਿਮਾਚਲ ਪ੍ਰਦੇਸ਼ ਦੇ ਬੱਦੀ ‘ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੀ ਸਿਹਤ ‘ਚ ਹੁਣ ਕੁੱਝ ਮਾਮੂਲੀ ਸੁਧਾਰ ਦੇਖਿਆ ਗਿਆ ਹੈ।
ਹਿਮਾਚਲ ਪ੍ਰਦੇਸ਼ ਦੇ ਬੱਦੀ ‘ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੀ ਸਿਹਤ ‘ਚ ਹੁਣ ਕੁੱਝ ਮਾਮੂਲੀ ਸੁਧਾਰ ਦੇਖਿਆ ਗਿਆ ਹੈ। ਫੋਰਟਿਸ ਹਸਪਤਾਲ ਦੇ ਮੈਡਿਕਲ ਬੁਲੇਟਿਨ ਮੁਤਾਬਕ, ਗਾਇਕ ਦੇ ਪਹਿਲਾਂ 4 ਲਾਈਫ ਸਪੋਰਟ ਮਸ਼ੀਨਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ‘ਚੋਂ ਹੁਣ 3 ਹਟਾ ਦਿੱਤੀਆਂ ਗਈਆਂ ਹਨ। ਹਾਲਾਂਕਿ, ਉਹ ਅਜੇ ਵੀ ਵੈਂਟੀਲੇਟਰ ‘ਤੇ ਹਨ ਤੇ ਉਨ੍ਹਾਂ ਨੂੰ ਹੋਸ਼ ਨਹੀਂ ਆਈ ਹੈ। ਉਨ੍ਹਾਂ ਦੀ ਨਿਗਰਾਨੀ ਨਿਊਰੋਸਰਜਰੀ ਦੇ ਕ੍ਰਿਟੀਕਲ ਕੇਅਰ ਮਾਹਿਰ ਟੀਮ ਕਰ ਰਹੀ ਹੈ। ਉੱਥੇ ਹੀ, ਉਨ੍ਹਾਂ ਦਾ ਹਾਲ ਜਾਨਣ ਲਈ ਅਦਾਕਾਰ, ਸਿੰਗਰ ਤੇ ਸਿਆਸੀ ਹਸਤੀਆਂ ਵੀ ਪਹੁੰਚ ਰਹੀਆਂ ਹਨ। ਸੀਐਮ ਭਗਵੰਤ ਮਾਨ ਨੇ ਐਤਵਾਰ ਨੂੰ ਉਨ੍ਹਾਂ ਦਾ ਹਾਲ ਜਾਣਿਆ ਸੀ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ।
ਹਸਪਤਾਲ ਵੱਲੋਂ ਹੁਣ ਤੱਕ ਜਾਰੀ ਅਪਡੇਟ
ਜਾਣਕਾਰੀ ਮੁਤਾਬਕ ਰਾਜਵੀਰ ਜਵੰਦਾ ਨੂੰ 27 ਸਤੰਬਰ ਦੀ ਦੁਪਹਿਰ ਮੁਹਾਲੀ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਸੀ। ਉਨ੍ਹਾਂ ਦੇ ਸਿਰ ਤੇ ਰੀੜ ਦੀ ਹੱਡੀ ‘ਤੇ ਸੱਟ ਲੱਗੀ ਸੀ। ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਲਿਆਉਣ ਦਾ ਪਹਿਲਾਂ ਸਿੰਗਰ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਹਸਪਤਾਲ ਪਹੁੰਚਦੇ ਹੀ ਉਨ੍ਹਾਂ ਨੂੰ ਐਡਵਾਂਸ ਲਾਈਫ ਸਪੋਰਟ ‘ਤੇ ਰੱਖਿਆ ਗਿਆ।
ਇਸ ਤੋਂ ਬਾਅਦ 28 ਸਤੰਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਰਾਜਵੀਰ ਅਜੇ ਵੀ ਵੈਂਟੀਲੇਟਰ ‘ਤੇ ਹਨ। ਨਿਊਰੋਸਰਜਰੀ ਦੇ ਕ੍ਰਿਟੀਕਲ ਕੇਅਰ ਦੀ ਮਾਹਿਰ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।
29 ਸਤੰਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਦੀ ਸਥਿਤੀ ‘ਚ ਮਾਮੂਲੀ ਸੁਧਾਰ ਆਇਆ ਹੈ, ਪਰ ਉਹ ਅਜੇ ਵੀ ਵੈਂਟੀਲੇਟਰ ਸਪੋਰਟ ‘ਤੇ ਹਨ। ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।
ਕਿਵੇਂ ਵਾਪਰਿਆ ਸੜਕ ਹਾਦਸਾ?
ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ‘ਚ ਬਾਈਕ ਰਾਈਡਿੰਗ ਕਰ ਰਹੇ ਸਨ। ਇਸ ਦੌਰਾਨ ਸੜਕ ‘ਤੇ ਦੋ ਪਸ਼ੂ ਲੜ ਰਹੇ ਸਨ। ਪਸ਼ੂਆਂ ਤੋਂ ਬਚਣ ਦੇ ਚੱਕਰ ‘ਚ ਰਾਜਵੀਰ ਜਵੰਦਾ ਅੱਗੇ ਆ ਰਹੀ ਗੱਡੀ ਨਾਲ ਟਕਰਾ ਗਏ ਤੇ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ।