ਵੱਡੇ ਆਪ੍ਰੇਸ਼ਨ, ਸਰਜਰੀ ਤੇ ਹੋਰ ਵੀ ਗੰਭੀਰ ਬਿਮਾਰੀਆਂ ਦੇ ਇਲਾਜ਼ ਸ਼ਾਮਲ ਹੋਣਗੇ।
ਪੰਜਾਬ ਸਰਕਾਰ ਅੱਜ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਦੀ ਸ਼ੁਰੂਆਤ ਤਰਨਤਾਰਨ ਤੇ ਬਰਨਾਲਾ ਜ਼ਿਲ੍ਹੇ ਤੋਂ ਹੋਵੇਗੀ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ‘ਚ 128-128 ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ। ਰਜਿਸਟ੍ਰੇਸ਼ਨ ਲਈ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਫੋਟੋ ਕਾਪੀ ਦੀ ਜ਼ਰੂਰਤ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਆਸਾਨ ਰੱਖਿਆ ਗਿਆ ਹੈ ਤੇ 10 ਤੋਂ 15 ਦਿਨਾਂ ਵਿਚਕਾਰ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਇਸ ਤੋਂ ਬਾਅਦ ਇਹ ਯੋਜਨਾ ਪੂਰੇ ਪੰਜਾਬ ‘ਚ ਲਾਗੂ ਹੋਵੇਗੀ।
10 ਲੱਖ ਰੁਪਏ ਦਾ ਮੁਫ਼ਤ ਇਲਾਜ਼
ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ ਇੱਕ ਹੈਲਥ ਕਾਰਡ ਦਿੱਤਾ ਜਾਵੇਗਾ, ਜਿਸ ਦੀ ਜ਼ਰੀਏ ਉਹ ਪਰਿਵਾਰ ਹਰ ਸਾਲ 10 ਲੱਖ ਰੁਪਏ ਦਾ ਮੁਫ਼ਤ ਇਲਾਜ਼ ਕਰਵਾ ਸਕਦਾ ਹੈ। ਇਸ ‘ਚ ਵੱਡੇ ਆਪ੍ਰੇਸ਼ਨ, ਸਰਜਰੀ ਤੇ ਹੋਰ ਵੀ ਗੰਭੀਰ ਬਿਮਾਰੀਆਂ ਦੇ ਇਲਾਜ਼ ਸ਼ਾਮਲ ਹੋਣਗੇ। ਸਰਕਾਰੀ ਇਸ ਦੇ ਨਾਲ ਹੀ ਇਸ ਯੋਜਨਾ ਦੇ ਸ਼ੁਰੂਆਤ ‘ਚ ਫੀਡਬੈਕ ਵੀ ਲਵੇਗੀ ਤਾਂ ਜੋ ਇਸ ਯੋਜਨਾ ‘ਚ ਹੋਰ ਵੀ ਸੁਧਾਰ ਕੀਤੇ ਜਾ ਸਕਣ।
ਆਮ ਆਦਮੀ ਕਲੀਨਿਕ
ਇਸ ਯੋਜਨਾ ਨੂੰ ਲਾਗੂ ਕਰਨ ਦੀ ਜਾਣਕਾਰੀ ਦੇ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਕਲੀਨਿਕਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੂਬੇ ‘ਚ ਹੁਣ ਤੱਕ 881 ਕਲੀਨਿਕ ਖੁੱਲ੍ਹੇ ਗਏ ਹਨ। ਆਉਣ ਵਾਲੇ ਦਿਨਾਂ ‘ਚ 200 ਹੋਰ ਕਲੀਨਿਕ ਖੋਲ੍ਹੇ ਜਾਣਗੇ। ਇਨ੍ਹਾਂ ਕਲੀਨਿਕਾਂ ‘ਚ ਸਾਰੇ ਟੈਸਟ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ‘ਚ ਦਵਾਈਆਂ ਦੀ ਉਪਲੱਬਧਤਾ 30 ਫ਼ੀਸਦ ਤੋਂ ਵਧਾ ਕੇ ਹੁਣ 100 ਫ਼ੀਸਦ ਕਰ ਦਿੱਤੀ ਗਈ ਹੈ। ਇੱਥੇ ਹੁਣ ਹਰ ਪ੍ਰਕਾਰ ਦੀ ਦਵਾਈ ਮਿਲਦੀ ਹੈ।