ਜੰਡਿਆਲਾ ਪੁਲਿਸ ਨੇ ਨਜ਼ਾਇਜ ਸ਼ਰਾਬ ਤਸਕਰੀ ਦੇ ਵੱਡੇ ਰੈਕਟ ਦਾ ਪਰਦਾਫਾਸ਼ ਕਰਦਿਆਂ 740 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਹਨ।
ਜੰਡਿਆਲਾ ਪੁਲਿਸ ਨੇ ਸ਼ਰਾਬ ਤਸਕਰੀ ਦੇ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਬੰਦ ਕੰਟੇਨਰ ਵਿੱਚੋਂ ਨਜ਼ਾਇਜ ਸ਼ਰਾਬ ਦੀਆਂ 740 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਮੁਤਾਬਕ ਇਹ ਸ਼ਰਾਬ ਮੋਹਾਲੀ ਤੋਂ ਭਰੀ ਜਾਂਦੀ ਸੀ ਅਤੇ ਬਿਹਾਰ-ਚੰਡੀਗੜ੍ਹ ਰੂਟ ਤੇ ਸਪਲਾਈ ਕੀਤੀ ਜਾਂਦੀ ਸੀ। ਇਹ ਸਮੱਗਰੀ ਇੱਕ ਵੱਡੇ ਨੈਕਸਸ ਦੇ ਤਹਿਤ ਵੱਖ-ਵੱਖ ਸੂਬਿਆਂ ਵਿੱਚ ਭੇਜੀ ਜਾ ਰਹੀ ਸੀ।
ਹਰ ਪੇਟੀ ਵਿੱਚ 180 ਗ੍ਰਾਮ ਦੇ 50 ਪਾਊਚ ਬਰਾਮਦ
ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੱਕ ਦੇ ਆਧਾਰ ਤੇ ਇੱਕ ਕੰਟੇਨਰ ਨੂੰ ਰੋਕਿਆ ਗਿਆ। ਬਾਹਰੋਂ ਇਸ ਨੂੰ ਇੱਕ ਟ੍ਰਾਈਸ਼ੂਟ ਕੰਟੇਨਰ ਦਿਖਾਇਆ ਗਿਆ ਸੀ ਅਤੇ ਡਰਾਈਵਰ ਚੈਕਿੰਗ ਤੋਂ ਬਚਣ ਲਈ ਟ੍ਰਾਈਸ਼ੂਟ ਦਾ ਬਿੱਲ ਦਿਖਾਉਂਦਾ ਸੀ। ਪਰ ਜਦੋਂ ਪੁਲਿਸ ਨੇ ਕੰਟੇਨਰ ਦੀ ਤਲਾਸ਼ੀ ਲਈ ਤਾਂ ਉਸ ਦੇ ਅੰਦਰੋਂ ਨਜ਼ਾਇਜ ਸ਼ਰਾਬ ਦੇ 180 ਗ੍ਰਾਮ ਦੇ ਪਾਊਚਾਂ ਨਾਲ ਭਰੀਆਂ 740 ਪੇਟੀਆਂ ਬਰਾਮਦ ਹੋਈਆਂ। ਹਰ ਪੇਟੀ ਵਿੱਚ ਲਗਭਗ 50 ਪਾਊਚ ਰੱਖੇ ਹੋਏ ਸਨ।
ਬਿਹਾਰਚੰਡੀਗੜ੍ਹ ਰੂਟ ਤੇ ਹੁੰਦੀ ਸੀ ਸਪਲਾਈ
ਪੁਲਿਸ ਦੇ ਪੁੱਛਗਿੱਛ ਕਰਨ ਤੇ ਗ੍ਰਿਫ਼ਤਾਰੀ ਕੀਤੇ ਵਿਅਕਤੀ ਨੇ ਕਬੂਲਿਆ ਕਿ ਉਹ ਇਹ ਸਮੱਗਰੀ ਮੋਹਾਲੀ ਤੋਂ ਲੈ ਕੇ ਆਇਆ ਸੀ। ਪਹਿਲਾਂ ਵੀ ਉਸ ਨੇ ਦੱਸਿਆ ਕਿ ਉਹ ਚੰਡੀਗੜ੍ਹ ਅਤੇ ਬਿਹਾਰ ਲਈ ਸਪਲਾਈ ਕਰਦਾ ਸੀ। ਪੁਲਿਸ ਵੱਲੋਂ ਉਸ ਨੂੰ ਰਿਮਾਂਡ ਤੇ ਲੈ ਕੇ ਹੋਰ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੌਰਾਨ ਇਹ ਪਤਾ ਲੱਗੇਗਾ ਕਿ ਇਹ ਸਮੱਗਰੀ ਕਿਸ ਨੇ ਮੰਗਵਾਈ ਸੀ ਅਤੇ ਇਸ ਗੈਰਕਾਨੂੰਨੀ ਰੈਕਟ ਦੇ ਪਿੱਛੇ ਕੌਣਕੌਣ ਸ਼ਾਮਲ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਤਸਕਰ ਬਹੁਤ ਚਤੁਰਾਈ ਨਾਲ ਕੰਮ ਕਰ ਰਹੇ ਸਨ। ਇਹਨਾਂ ਦੀ ਕਾਰਵਾਈ ਮੁਕੰਮਲ ਤੌਰ ਤੇ ਯੋਜਨਾਬੱਧ ਸੀ। ਜਿਸ ਵਿੱਚ ਕੰਟੇਨਰ ਨੂੰ ਬਾਹਰੋਂ ਸਧਾਰਣ ਸਮਾਨ ਲਿਜਾਣ ਵਾਲਾ ਦਿਖਾਇਆ ਜਾਂਦਾ ਸੀ, ਪਰ ਅੰਦਰੋਂ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਸੀ।
ਰਿਮਾਂਡ ਤੇ ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ
ਪੰਜਾਬ ਸਰਕਾਰ ਅਤੇ ਡੀਜੀਪੀ ਦੇ ਹੁਕਮਾਂ ਅਨੁਸਾਰ ਚੱਲ ਰਹੀ ਵਿਆਪਕ ਮੁਹਿੰਮ ਦੇ ਤਹਿਤ ਨਸ਼ੇ ਅਤੇ ਨਜ਼ਾਇਜ ਸ਼ਰਾਬ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਜੰਡਿਆਲਾ ਪੁਲਿਸ ਦੀ ਇਹ ਕਾਰਵਾਈ ਉਸੇ ਤਹਿਤ ਇੱਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ। ਪੁਲਿਸ ਨੇ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੰਭਾਵਨਾ ਹੈ ਕਿ ਅਗਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋਣਗੇ।