ਟੱਕਰ ਇੰਨੀ ਭਿਆਨਕ ਦੀ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ।
ਬਰਨਾਲਾ ਦੀ ਤਪਾ ਮੰਡੀ ‘ਚ ਕਥਿਤ ਨਸ਼ਾ ਤਸਕਰਾਂ ਦੀ ਲਾਪਰਵਾਹੀ ਨਾਲ ਦੋ ਦੋਸਤਾਂ ਦੀ ਜਾਨ ਚਲੀ ਗਈ। ਦਰਅਸਲ, ਤਿੰਨ ਦੋਸਤ ਵਿਨੋਦ ਕੁਮਾਰ, ਰਮਨਦੀਪ ਸਿੰਘ ਭੁੱਲਰ ਤੇ ਰੋਹਤਾਸ ਕੁਮਾਰ ਕਾਰ ‘ਚ ਸਵਾਰ ਹੋ ਕੇ ਤਪਾ ਮੰਡੀ ਤੋਂ ਪਰਤ ਰਹੇ ਸਨ। ਇਸ ਦੌਰਾਨ ਵਿਨੋਦ ਕੁਮਾਰ ਨੇ ਪਿਸ਼ਾਬ ਕਰਨ ਗੱਡੀ ਸਾਈਡ ‘ਤੇ ਰੋਕ ਲਈ। ਉਹ ਪਿਸ਼ਾਬ ਕਰਨ ਲਈ ਉੱਤਰ ਗਿਆ ਤੇ ਇਸੇ ਦੌਰਾਨ ਸਾਹਮਣੇ ਤੋਂ ਆ ਰਹੀ ਵਰਨਾ ਕਾਰ ਨੇ ਉਨ੍ਹਾਂ ਦੀ ਖੜੀ ਰਿਟਜ ਕਾਰ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਦੀ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ। ਰਿਟਜ ਕਾਰ ‘ਚ ਸਵਾਰ ਵਿਨੋਦ ਕੁਮਾਰ ਦੇ ਦੋਸਤ- ਰਮਨਦੀਪ ਸਿੰਘ ਭੁੱਲਰ (33), ਨਿਵਾਸੀ ਕੋਠੇ ਭਾਣ ਸਿੰਘ ਵਾਲਾ ਤੇ ਰੋਹਤਾਸ ਕੁਮਾਰ ਉਰਫ਼ ਰੋਹਿਤ ਪਿੰਡ ਫੇਫਨ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਵਿਨੋਦ ਕੁਮਾਰ ਪੇਸ਼ਾਬ ਕਰਨ ਲਈ ਉੱਤਰ ਗਿਆ ਸੀ, ਉਹ ਇਸ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਿਆ। ਹਾਦਸੇ ਤੋਂ ਬਾਅਦ ਲੋਕ ਇਕੱਠਾ ਹੋ ਗਏ ਤੇ ਮ੍ਰਿਤਕਾਂ ਨੂੰ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ।
ਮ੍ਰਿਤਕ ਰਮਨਦੀਪ ਸਿੰਘ ਪਿੰਡ ਕੋਠੇ ਭਾਣ ਸਿੰਘ ਦਾ ਮੌਜੂਦਾ ਪੰਚਾਇਤ ਮੈਂਬਰ ਸੀ, ਉਸ ਦਾ ਇੱਕ 14 ਸਾਲਾਂ ਪੁੱਤ ਤੇ ਇੱਕ ਧੀ ਦਾ ਬਾਪ ਸੀ। ਉਹ ਆਪਣੇ ਪਰਿਵਾਰ ਦਾ ਖੇਤੀਬਾੜੀ ਕਰਕੇ ਪਾਲਣ-ਪੋਸ਼ਣ ਕਰਦਾ ਸੀ। ਦੂਜਾ ਮ੍ਰਿਤਕ ਰੋਹਤਾਸ ਕੁਮਾਰ ਰਾਜਸਥਾਨ ਦੇ ਪਿੰਡ ਫੇਫਨ ਦਾ ਰਹਿਣਾ ਵਾਲਾ ਸੀ। ਉਹ ਤਪਾ ਮੰਡੀ ਵਿਖੇ ਮੋਬਾਈਲ ਟਾਵਰ ‘ਚ ਮਕੈਨਿਕ ਦਾ ਕੰਮ ਕਰਦਾ ਸੀ। ਉਸ ਦੀ 6 ਸਾਲਾਂ ਦੀ ਇੱਕ ਧੀ ਹੈ।
ਵਰਨਾ ਕਾਰ ‘ਚੋਂ ਮਿਲੀ ਚੂਰਾ ਪੋਸਤ
ਦੂਜੇ ਪਾਸੇ, ਵਰਨਾ ਕਾਰ ‘ਚ ਸਵਾਰ ਕਥਿਤ ਦੋ ਨਸ਼ਾ ਤਸਕਰ ਇਸ ਹਾਦਸੇ ‘ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਲੋਕਾਂ ਨੇ ਦੇਖਿਆ ਕਿ ਟੱਕਰ ਮਾਰਨ ਵਾਲੀ ਵਰਨਾ ਕਾਰ ‘ਚ ਚੂਰਾ ਪੋਸਤ ਨਾਲ ਭਰੇ ਭੈਗ ਵੀ ਪਏ ਸਨ। ਮੌਕੇ ‘ਤੇ ਮੌਜੂਦ ਰਾਹਗੀਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਵਰਨਾ ਕਾਰ ਸਵਾਰ ਨਸ਼ਾ ਤਸਕਰਾਂ ਦੀ ਲਾਪਰਵਾਹੀ ਨਾਲ ਹੋਇਆ ਹੈ।
ਪੁਲਿਸ ਕਰ ਰਹੀ ਜਾਂਚ
ਇਸ ਘਟਨਾ ਬਾਰੇ, ਤਪਾ ਮੰਡੀ ਥਾਣੇ ਦੇ ਐਸਐਚਓ ਸ਼ਰੀਫ ਖਾਨ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਇੱਕ ਖੜੀ ਕਾਰ ਨਾਲ ਟਕਰਾ ਗਈ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਤੇਜ਼ ਰਫ਼ਤਾਰ ਕਾਰ ਦਾ ਸਵਾਰ ਵੀ ਜ਼ਖਮੀ ਹੋ ਗਏ ਤੇ ਉਨ੍ਹਾਂ ਦੀ ਕਾਰ ‘ਚੋਂ ਚੂਰਾ ਪੋਸਤ ਮਿਲੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮ੍ਰਿਤਕ ਦੇ ਸਾਥੀ ਦੇ ਬਿਆਨਾਂ ਦੇ ਆਧਾਰ ‘ਤੇ, ਸੜਕ ਹਾਦਸਿਆਂ ਤੇ ਕਾਰ ‘ਚ ਮਿਲੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।