ਏਸ਼ੀਆ ਕੱਪ 2025 ਦਾ ਫਾਈਨਲ ਮੈਚ ਭਾਰਤ ਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਵੇਗਾ।
ਏਸ਼ੀਆ ਕੱਪ 2025 ਦੇ ਫਾਈਨਲ ‘ਚ ਕ੍ਰਿਕਟ ਪ੍ਰਸ਼ੰਸਕਾਂ ਦਾ ਸੁਪਨਾ ਸਾਕਾਰ ਹੋਣ ਵਾਲਾ ਹੈ। ਭਾਰਤੀ ‘ਤੇ ਪਾਕਿਸਤਾਨੀ ਟੀਮਾਂ ਇੱਕ ਵਾਰ ਫਿਰ ਇੱਕ ਦੂਜੇ ਦੇ ਸਾਹਮਣੇ ਹੋਣ ਲਈ ਤਿਆਰ ਹਨ। ਇਸ ਐਡੀਸ਼ਨ ‘ਚ ਇਹ ਤੀਜੀ ਵਾਰ ਹੋਵੇਗਾ, ਜਦੋਂ ਭਾਰਤ ਅਤੇ ਪਾਕਿਸਤਾਨ ਟੀਮਾਂ ਟਕਰਾਉਣਗੀਆਂ। ਗਰੁੱਪ ਪੜਾਅ ਤੇ ਸੁਪਰ 4 ਤੋਂ ਬਾਅਦ, ਹੁਣ ਫਾਈਨਲ ਦੀ ਵਾਰੀ ਹੈ। ਇਸ ਦੇ ਨਾਲ ਹੀ ਏਸ਼ੀਆ ਕੱਪ ਦਾ ਇਤਿਹਾਸ ਵੀ ਬਦਲਣ ਵਾਲਾ ਹੈ। ਇਸ ਵਾਰ ਇਸ ਟੂਰਨਾਮੈਂਟ ‘ਚ ਪਹਿਲਾਂ ਕਦੇ ਨਾ ਦੇਖਿਆ ਗਿਆ ਦ੍ਰਿਸ਼ ਦੇਖਣ ਨੂੰ ਮਿਲੇਗਾ।
ਭਾਰਤ-ਪਾਕਿਸਤਾਨ ਨੇ ਬਦਲਿਆ ਏਸ਼ੀਆ ਕੱਪ ਦਾ ਇਤਿਹਾਸ
ਭਾਰਤ ਨੇ ਸੁਪਰ 4 ‘ਚ ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕੀਤੀ ਤੇ ਹੁਣ ਪਾਕਿਸਤਾਨ ਨੇ ਵੀ ਬੰਗਲਾਦੇਸ਼ ਵਿਰੁੱਧ ਜਿੱਤ ਨਾਲ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਏਸ਼ੀਆ ਕੱਪ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ, ਜਦੋਂ ਭਾਰਤ ਤੇ ਪਾਕਿਸਤਾਨ ਫਾਈਨਲ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੇ, ਜਿਸ ਨਾਲ ਟੂਰਨਾਮੈਂਟ ਦਾ ਉਤਸ਼ਾਹ ਸਿਖਰ ‘ਤੇ ਪਹੁੰਚ ਗਿਆ ਹੈ। ਟੂਰਨਾਮੈਂਟ 1984 ‘ਚ ਸ਼ੁਰੂ ਹੋਇਆ ਸੀ, ਪਰ ਦੋਵੇਂ ਟੀਮਾਂ ਕਦੇ ਵੀ ਫਾਈਨਲ ‘ਚ ਇੱਕ ਦੂਜੇ ਦਾ ਸਾਹਮਣਾ ਨਹੀਂ ਕਰ ਸਕੀਆਂ ਸਨ। ਪਰ ਇਸ ਵਾਰ, ਉਹ ਇੰਤਜ਼ਾਰ ਖਤਮ ਹੋਣ ਵਾਲਾ ਹੈ।
ਇਹ ਏਸ਼ੀਆ ਕੱਪ ਦਾ 17ਵਾਂ ਐਡੀਸ਼ਨ ਹੈ। ਅਜਿਹਾ ਫਾਈਨਲ 16 ਐਡੀਸ਼ਨਾਂ ‘ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਦੋਵਾਂ ਟੀਮਾਂ ਵਿਚਕਾਰ ਇਹ ਇਤਿਹਾਸਕ ਮੈਚ 28 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ ਆਪਣੇ ਨੌਵੇਂ ਖਿਤਾਬ ‘ਤੇ ਨਜ਼ਰ ਰੱਖੇਗੀ। ਭਾਰਤ ਨੇ 1984, 1988, 1990-91, 1995, 2010, 2016, 2018 ਅਤੇ 2023 ‘ਚ ਖਿਤਾਬ ਜਿੱਤਿਆ ਹੈ। ਇਸ ਦੌਰਾਨ, ਪਾਕਿਸਤਾਨ ਦੋ ਵਾਰ ਚੈਂਪੀਅਨ ਬਣਿਆ ਹੈ। ਪਾਕਿਸਤਾਨ ਨੇ 2000 ਅਤੇ 2012 ‘ਚ ਟੂਰਨਾਮੈਂਟ ਜਿੱਤਿਆ ਸੀ।
ਏਸ਼ੀਆ ਕੱਪ 2025 ਹੁਣ ਤੱਕ ਦੀ ਯਾਤਰਾ
ਟੀਮ ਇੰਡੀਆ ਇਸ ਟੂਰਨਾਮੈਂਟ ‘ਚ ਇੱਕ ਵੀ ਮੈਚ ਨਹੀਂ ਹਾਰੀ ਹੈ। ਭਾਰਤ ਨੇ ਗਰੁੱਪ ਪੜਾਅ ‘ਚ ਯੂਏਈ, ਪਾਕਿਸਤਾਨ ਅਤੇ ਓਮਾਨ ਨੂੰ ਹਰਾ ਕੇ ਸੁਪਰ ਫੋਰ ‘ਚ ਪ੍ਰਵੇਸ਼ ਕੀਤਾ। ਦੂਜੇ ਪਾਸੇ, ਪਾਕਿਸਤਾਨ ਗਰੁੱਪ ਪੜਾਅ ‘ਚ ਭਾਰਤ ਤੋਂ ਹਾਰ ਗਿਆ ਤੇ ਯੂਏਈ ਅਤੇ ਓਮਾਨ ਨੂੰ ਹਰਾ ਕੇ ਸੁਪਰ ਫੋਰ ‘ਚ ਪ੍ਰਵੇਸ਼ ਕੀਤਾ। ਫਿਰ ਟੀਮ ਇੰਡੀਆ ਨੇ ਸੁਪਰ ਫੋਰ ‘ਚ ਪਾਕਿਸਤਾਨ ਤੇ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ‘ਚ ਪਹੁੰਚਿਆ। ਪਾਕਿਸਤਾਨ ਨੇ ਸ਼੍ਰੀਲੰਕਾ ਤੇ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ‘ਚ ਵੀ ਆਪਣੀ ਜਗ੍ਹਾ ਪੱਕੀ ਕੀਤੀ।