ਅਧਿਆਪਕਾਂ ਨੇ ਬੇਨਤੀ ਕੀਤੀ ਕਿ ਬੱਚਿਆਂ ਲਈ ਨਵੀਆਂ ਕਿਤਾਬਾਂ ਤੇ ਸਟੇਸ਼ਨਰੀ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾਣ
ਪੰਜਾਬ ‘ਚ ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਅਸਲੀ ਪਰੇਸ਼ਾਨੀਆਂ ਹੁਣ ਸਾਹਮਣੇ ਆ ਰਹੀਆਂ ਹਨ। ਹਰ ਪਾਸੇ ਹੜ੍ਹ ਕਾਰਨ ਖੇਤਾਂ, ਘਰਾਂ ਤੇ ਹੋਰ ਇਮਾਰਤਾਂ ‘ਚ ਗਾਦ ਭਰੀ ਹੋਈ ਹੈ ਤੇ ਅਜੇ ਵੀ ਕਈ ਥਾਵਾਂ ‘ਤੇ ਪਾਣੀ ਜਮਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੰਗਲ ਸੋਹਲ ਦਾ ਸਰਕਾਰੀ ਐਲੀਮੈਂਟਰੀ ਹੜ੍ਹ ਕਾਰਨ ਬਹੁਤ ਪ੍ਰਭਾਵਿਤ ਹੋਇਆ ਹੈ। ਹੜ੍ਹ ਨੇ ਇਸ ਸਕੂਲ ਦਾ ਸਭ ਕੁੱਝ ਤਬਾਹ ਕਰ ਦਿੱਤਾ। ਬੱਚਿਆ ਦੇ ਬੈਠਣ ਲਈ ਬੈਂਚ ਹੋਣ ਜਾਂ ਪੜ੍ਹਨ ਲਈ ਕਿਤਾਬਾਂ ਸਭ ਕੁੱਝ ਪਾਣੀ ਨੇ ਤਬਾਹ ਕਰ ਦਿੱਤਾ ਹੈ। ਹਾਲਾਂਕਿ, ਹੁਣ ਜ਼ਿੰਦਗੀ ਹੌਲੀ-ਹੌਲੀ ਪਟੜੀ ਦੇ ਪਰਤ ਰਹੀ ਹੈ, ਪਰ ਅਜੇ ਵੀ ਰੋਜ਼ਾਨਾ ਵਰਗੀ ਜ਼ਿੰਦਗੀ ਲਈ ਬੱਚਿਆਂ ਤੇ ਅਧਿਆਪਕਾਂ ਨੂੰ ਕੁੱਝ ਸਮਾਂ ਲੱਗੇਗਾ।
ਨੰਗਲ ਸੋਹਲ ਸਕੂਲ ਦੇ ਅੰਗਰੇਜ਼ੀ ਅਧਿਆਪਕਾ ਸ਼ਵਿੰਦਰਜੀਤ ਕੌਰ ਨੇ ਦੱਸਿਆ ਕਿ ਸਕੂਲ ਦੀਆਂ ਬਿਲਡਿੰਗਾਂ, ਟਾਇਲਟ ਤੇ ਪਾਣੀ ਦੇ ਬੋਰ ਖਰਾਬ ਹੋ ਗਏ ਸਨ, ਜਿਨ੍ਹਾਂ ਦੀ ਮੁਰੰਮਤ ਸ਼ੁਰੂ ਕਰਵਾ ਦਿੱਤੀ ਗਈ ਹੈ। ਸਕੂਲ ਦੀ ਸਫਾਈ ਦਾ ਕੰਮ ਜਾਰੀ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਸਕੂਲ ਨੂੰ ਬੱਚਿਆਂ ਦੇ ਬੈਠਣ ਯੋਗ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਦੇ ਅੰਦਰ ਅਜੇ ਵੀ ਪਾਣੀ ਖੜ੍ਹਾ ਹੈ ਅਤੇ ਮੱਛਰਾਂ ਦੀ ਭਰਮਾਰ ਹੈ, ਜਿਸ ਕਰਕੇ ਸਿਹਤ ਸੰਬੰਧੀ ਖਤਰੇ ਵਧ ਰਹੇ ਹਨ। ਇਸ ਲਈ ਸਕੂਲ ‘ਚ ਸਪਰੇਅ ਦੀ ਲੋੜ ਹੈ।

ਅਧਿਆਪਕਾ ਨੇ ਬੇਨਤੀ ਕੀਤੀ ਕਿ ਬੱਚਿਆਂ ਲਈ ਨਵੀਆਂ ਕਿਤਾਬਾਂ ਤੇ ਸਟੇਸ਼ਨਰੀ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾਣ, ਕਿਉਂਕਿ ਰਾਸ਼ਨ ਸਟਾਕ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ ਤੇ ਮਿਡ-ਡੇ ਮੀਲ ਦੇ ਪ੍ਰਬੰਧ ਮੁੜ ਤੋਂ ਸ਼ੁਰੂ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਅਧਿਆਪਕ ਵੀ ਆਪਣੀ ਜੇਬ ਤੋਂ ਸੰਭਵ ਸਹਿਯੋਗ ਦੇਣਗੇ, ਪਰ ਸਰਕਾਰੀ ਮਦਦ ਬਿਨਾਂ ਇਹ ਕੰਮ ਸੰਭਵ ਨਹੀਂ।
ਸਫਾਈ ਮੁਹਿੰਮ ‘ਚ ਸ਼ਾਮਲ ਹੋਏ ਵਿਧਾਇਕ ਧਾਲੀਵਾਲ
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਾਰੇ ਪਿੰਡ ਸਾਫ ਨਹੀਂ ਹੋ ਜਾਂਦੇ, ਇਹ ਮੁਹਿੰਮ ਜਾਰੀ ਰਹੇਗੀ। ਧਾਲੀਵਾਲ ਨੇ ਕਿਹਾ ਕਿ ਸਕੂਲਾਂ ਦੇ ਫਰਨੀਚਰ, ਕੰਪਿਊਟਰ ਤੇ ਸਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਪਰ ਸਰਕਾਰ ਦਾ ਟੀਚਾ ਹੈ ਕਿ ਜਲਦੀ ਤੋਂ ਜਲਦੀ ਸਕੂਲਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਨਾ ਹੋਵੇ।
ਐਡਵੋਕੇਟ ਅਮਨਦੀਪ ਕੌਰ ਨੇ ਵੀ ਹਾਲਾਤ ਵੇਖ ਕੇ ਕਿਹਾ ਕਿ ਹੜ੍ਹਾਂ ਕਾਰਨ ਸਕੂਲ ਬੁਰੀ ਤਰ੍ਹਾਂ ਨੁਕਸਾਨੀ ਹੋਇਆ ਹੈ ਤੇ ਸਰਕਾਰ ਨੂੰ ਜਲਦੀ ਕਾਰਵਾਈ ਕਰਕੇ ਸਕੂਲ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਨੁਕਸਾਨ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪਾਰਟੀ ਵੋਲੰਟੀਅਰ ਪੂਰੀ ਤਰ੍ਹਾਂ ਸਫਾਈ ਕੰਮ ‘ਚ ਜੁਟੇ ਹੋਏ ਹਨ ਤੇ ਅਗਲੇ ਅੱਠ ਦਿਨਾਂ ‘ਚ ਸਾਰੇ ਪ੍ਰਭਾਵਿਤ ਸਕੂਲਾਂ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।