ਸ੍ਰੀ ਸ਼ਾਰਦਾ ਇੰਸਟੀਚਿਊਟ ਆਫ਼ ਇੰਡੀਅਨ ਮੈਨੇਜਮੈਂਟ ਦੇ ਸਾਬਕਾ ਡਾਇਰੈਕਟਰ ਸਵਾਮੀ ਚੈਤਨਿਆਨੰਦ ਸਰਸਵਤੀ ‘ਤੇ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦਾ ਆਰੋਪ ਲਗਾਇਆ ਗਿਆ ਹੈ।
ਦੱਖਣੀ ਦਿੱਲੀ ਦੇ ਵਸੰਤ ਕੁੰਜ ਵਿੱਚ ਸਥਿਤ ਸ੍ਰੀ ਸ਼ਾਰਦਾ ਇੰਸਟੀਚਿਊਟ ਆਫ਼ ਇੰਡੀਅਨ ਮੈਨੇਜਮੈਂਟ (SIIM) ਦੀਆਂ ਵਿਦਿਆਰਥਣਾਂ ਨੇ ਉਨ੍ਹਾਂ ‘ਤੇ ਛੇੜਛਾੜ ਅਤੇ ਗੰਦੀ ਭਾਸ਼ਾ ਦੀ ਵਰਤੋਂ ਦਾ ਆਰੋਪ ਲਗਾਇਆ ਹੈ। ਮੁਲਜ਼ਮ ਦੀ ਪਛਾਣ ਸਵਾਮੀ ਚੈਤਨਿਆਨੰਦ ਸਰਸਵਤੀ ਵਜੋਂ ਹੋਈ ਹੈ, ਜੋ ਕਿ ਦਿੱਲੀ ਕੈਂਪਸ ਦੇ ਡਾਇਰੈਕਟਰ ਸੀ। ਹਾਲਾਂਕਿ, ਮੁਲਜ਼ਮ ਫਰਾਰ ਹੈ। ਸ਼ਿਕਾਇਤ ਮਿਲਣ ‘ਤੇ, ਵਸੰਤ ਕੁੰਜ (ਉੱਤਰੀ) ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਸੰਸਥਾ ਤੋਂ ਸੀਸੀਟੀਵੀ ਫੁਟੇਜ ਕਬਜੇ ਵਿੱਚ ਲੈ ਲਈ ਹੈ। ਦਿੱਲੀ ਪੁਲਿਸ ਨੇ ਸੰਸਥਾ ਦੇ ਬੇਸਮੈਂਟ ਤੋਂ ਮੁਲਜ਼ਮ ਦੀ ਵੋਲਵੋ ਕਾਰ ਵੀ ਜ਼ਬਤ ਕਰ ਲਈ ਹੈ। ਪੁਲਿਸ ਦੇ ਅਨੁਸਾਰ, ਕਾਰ ‘ਤੇ ਜਾਅਲੀ ਲਾਇਸੈਂਸ ਪਲੇਟ ਸੀ। ਇਸ ਪੂਰੀ ਘਟਨਾ ਦੇ ਸੰਬੰਧ ਵਿੱਚ, ਸ਼੍ਰੰਗੇਰੀ (ਕਰਨਾਟਕ) ਦੇ ਦੱਕਸ਼ਿਣਾਮਿਆ ਸ਼੍ਰੀ ਸ਼ਾਰਦਾ ਪੀਠ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਵਾਮੀ ਚੈਤਨਯਾਨੰਦ ਸਰਸਵਤੀ (ਪਹਿਲਾਂ ਸਵਾਮੀ ਡਾ. ਪਾਰਥਸਾਰਥੀ) ਵਿਰੁੱਧ ਗੰਭੀਰ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਾ ਆਚਰਣ ਅਤੇ ਗਤੀਵਿਧੀਆਂ ਗੈਰ-ਕਾਨੂੰਨੀ, ਅਣਉਚਿਤ ਅਤੇ ਪੀਠ ਦੇ ਹਿੱਤਾਂ ਦੇ ਵਿਰੁੱਧ ਰਹੀਆਂ ਹਨ। ਨਤੀਜੇ ਵਜੋਂ, ਉਨ੍ਹਾਂ ਨਾਲ ਸਾਰੇ ਸੰਬੰਧ ਤੋੜ ਦਿੱਤੇ ਗਏ ਹਨ।
ਸਵਾਮੀ ਚੈਤਨਯਾਨੰਦ ਸਰਸਵਤੀ ਖਿਲਾਫ ਸ਼ਿਕਾਇਤ ਦਰਜ
ਸ਼੍ਰੰਗੇਰੀ ਪੀਠ ਨੇ ਇਹ ਵੀ ਦੱਸਿਆ ਹੈ ਕਿ ਸਵਾਮੀ ਚੈਤਨਯਾਨੰਦ ਸਰਸਵਤੀ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਸਬੰਧਤ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਤੋਂ ਇਲਾਵਾ, ਸ਼੍ਰੰਗੇਰੀ ਪੀਠ ਨੇ ਸਪੱਸ਼ਟ ਕੀਤਾ ਕਿ ਸ਼੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ-ਰਿਸਰਚ (ਵਸੰਤ ਕੁੰਜ, ਨਵੀਂ ਦਿੱਲੀ) ਏਆਈਸੀਟੀਈ-ਪ੍ਰਵਾਨਿਤ ਹੈ ਅਤੇ ਪੀਠ ਦੇ ਅਧਿਕਾਰ ਖੇਤਰ ਵਿੱਚ ਕੰਮ ਕਰਦਾ ਹੈ।
ਸੰਸਥਾ ਪੀਠ ਦੁਆਰਾ ਗਠਿਤ ਗਵਰਨਿੰਗ ਕੌਂਸਲ ਦੁਆਰਾ ਚਲਾਈ ਜਾਂਦੀ ਹੈ, ਜਿਸਦੀ ਪ੍ਰਧਾਨਗੀ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਕ੍ਰਿਸ਼ਨਾ ਵੈਂਕਟੇਸ਼ ਕਰਦੇ ਹਨ। ਗਵਰਨਿੰਗ ਕੌਂਸਲ ਨੇ ਭਰੋਸਾ ਦਿੱਤਾ ਹੈ ਕਿ ਵਿਦਿਆਰਥੀਆਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਪੜ੍ਹਾਈ ਅਤੇ ਪ੍ਰੋਗਰਾਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਘਨ ਨਹੀਂ ਪਵੇਗਾ।

ਮੁਲਜ਼ਮ ਦੀਆਂ ਹਰਕਤਾਂ ਦਾ ਖੁਲਾਸਾ ਉਸੇ ਆਸ਼ਰਮ (ਸ਼੍ਰੰਗੇਰੀ) ਦੇ ਪ੍ਰਸ਼ਾਸਨ ਨੇ ਕੀਤਾ ਜਿੱਥੇ ਪ੍ਰਬੰਧਨ ਸੰਸਥਾ ਕੰਮ ਕਰ ਰਹੀ ਸੀ। ਮਾਮਲੇ ਦੇ ਖੁਲਾਸੇ ਤੋਂ ਬਾਅਦ, ਮੁਲਜ਼ਮ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦੇ ਅਨੁਸਾਰ, ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਮੁਲਜ਼ਮ ਦਾ ਆਖਰੀ ਟਿਕਾਣਾ ਆਗਰਾ ਵਿੱਚ ਮਿਲਿਆ ਸੀ। ਦਿੱਲੀ ਪੁਲਿਸ ਦੇ ਅਨੁਸਾਰ, ਪਟਿਆਲਾ ਹਾਊਸ ਮੈਜਿਸਟ੍ਰੇਟ ਅਦਾਲਤ ਵਿੱਚ ਹੁਣ ਤੱਕ 16 ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ ਗਏ ਹਨ।
ਸਵਾਮੀ ਚੈਤਨਿਆਨੰਦ ਸਰਸਵਤੀ ਫਰਾਰ
ਦਿੱਲੀ ਪੁਲਿਸ ਦੇ ਅਨੁਸਾਰ, ਦੱਖਣ-ਪੱਛਮੀ ਦਿੱਲੀ ਦੇ ਵਸੰਤ ਕੁੰਜ ਉੱਤਰੀ ਪੁਲਿਸ ਸਟੇਸ਼ਨ ਵਿੱਚ ਸਵਾਮੀ ਚੈਤਨਿਆਨੰਦ ਸਰਸਵਤੀ ਉਰਫ਼ ਪਾਰਥਸਾਰਥੀ ਦੇ ਖਿਲਾਫ ਔਰਤਾਂ ਅਤੇ ਵਿਦਿਆਰਥਣਾਂ ਦੇ ਨਾਲ ਜਿਨਸੀ ਸ਼ੋਸ਼ਣ ਅਤੇ ਧੋਖਾਧੜੀ ਦੇ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਜਾਂਚ ਵਿੱਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।
ਦਿੱਲੀ ਪੁਲਿਸ ਦੇ ਅਨੁਸਾਰ, 4 ਅਗਸਤ, 2025 ਨੂੰ, ਸ਼੍ਰੀ ਸ਼੍ਰੰਗੇਰੀ ਮੱਠ ਅਤੇ ਇਸ ਦੀਆਂ ਜਾਇਦਾਦਾਂ ਦੇ ਪ੍ਰਸ਼ਾਸਕ ਪੀਏ, ਮੁਰਲੀ ਨੇ ਸ਼ਿਕਾਇਤ ਕੀਤੀ ਸੀ ਕਿ ਸਵਾਮੀ ਚੈਤਨਿਆਨੰਦ ਨੇ ਸ਼ਾਰਦਾ ਇੰਸਟੀਚਿਊਟ ਆਫ਼ ਇੰਡੀਅਨ ਮੈਨੇਜਮੈਂਟ (SRISIIM) ਵਿੱਚ EWS ਸਕਾਲਰਸ਼ਿਪ ‘ਤੇ PGDM ਕਰ ਰਹੀਆਂ ਵਿਦਿਆਰਥਣਾਂ ਨਾਲ ਅਣਉਚਿਤ ਹਰਕਤਾਂ ਕੀਤੀਆਂ ਸਨ।
32 ਵਿਦਿਆਰਥਣਾਂ ਦੇ ਬਿਆਨ ਦਰਜ
ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਤਾਂ 32 ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 17 ਨੇ ਸਿੱਧੇ ਤੌਰ ‘ਤੇ ਆਰੋਪ ਲਗਾਇਆ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਅਸ਼ਲੀਲ ਮੈਸੇਜ ਭੇਜੇ, ਗੰਦੀ ਭਾਸ਼ਾ ਵਰਤੀ ਅਤੇ ਉਨ੍ਹਾਂ ਨੂੰ ਸਰੀਰਕ ਤੌਰ ‘ਤੇ ਪਰੇਸ਼ਾਨ ਕੀਤਾ। ਵਿਦਿਆਰਥਣਾਂ ਨੇ ਇਹ ਵੀ ਕਿਹਾ ਕਿ ਕੁਝ ਮਹਿਲਾ ਫੈਕਲਟੀ ਅਤੇ ਪ੍ਰਸ਼ਾਸਨਿਕ ਸਟਾਫ਼ ਨੇ ਉਨ੍ਹਾਂ ‘ਤੇ ਸਵਾਮੀ ਦੀਆਂ ਅਸ਼ਲੀਲ ਮੰਗਾਂ ਦੀ ਪਾਲਣਾ ਕਰਨ ਲਈ ਦਬਾਅ ਪਾਇਆ। ਵਿਦਿਆਰਥਣਾਂ ਦਾ ਆਰੋਪ ਹੈ ਕਿ ਸਵਾਮੀ ਚੈਤਨਿਆਨੰਦ ਸਰਸਵਤੀ ਨੇ ਉਨ੍ਹਾਂ ਨੂੰ ਜ਼ਬਰਦਸਤੀ ਛੂਹਣ ਦੀ ਕੋਸ਼ਿਸ਼ ਕੀਤੀ।
ਸੰਸਥਾ ਦੇ ਬੇਸਮੈਂਟ ਵਿੱਚੋਂ ਫਰਜੀ ਨੰਬਰ ਪਲੇਟ ਵਾਲੀ ਕਾਰ ਮਿਲੀ
ਸ਼ਿਕਾਇਤ ਤੋਂ ਬਾਅਦ, ਦਿੱਲੀ ਪੁਲਿਸ ਨੇ ਆਈਪੀਸੀ ਦੀ ਧਾਰਾ 75(2)/79/351(2) ਦੇ ਤਹਿਤ ਮਾਮਲਾ ਦਰਜ ਕੀਤਾ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਕਈ ਵਾਰ ਮੁਲਜ਼ਮ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਪਰ ਮੁਲਜ਼ਮ ਪੁਲਿਸ ਦੇ ਹੱਥੇ ਨਹੀਂ ਚੱੜ੍ਹ ਸਕਿਆ। ਜਾਂਚ ਦੌਰਾਨ, ਸੰਸਥਾ ਦੇ ਬੇਸਮੈਂਟ ਵਿੱਚੋਂ ਇੱਕ ਵੋਲਵੋ ਕਾਰ ਬਰਾਮਦ ਕੀਤੀ ਗਈ। ਇਸ ਵਿੱਚ ਇੱਕ ਨਕਲੀ ਡਿਪਲੋਮੈਟਿਕ ਨੰਬਰ ਪਲੇਟ (39 UN 1) ਸੀ। ਆਰੋਪ ਹੈ ਕਿ ਸਵਾਮੀ ਚੈਤਨਿਆਨੰਦ ਆਪਣਾ ਰਸੂਖ ਦਿਖਾਉਣ ਲਈ ਇਸ ਲਾਲ ਵੋਲਵੋ ਕਾਰ ਦੀ ਨਕਲੀ ਨੰਬਰ ਪਲੇਟ ਵਾਲੀ ਕਾਰ ਦੀ ਵਰਤੋਂ ਕਰਦਾ ਸੀ। ਇਸ ਮਾਮਲੇ ਵਿੱਚ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ।