ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਨੇ ਆਪਣੀ ਲੰਬੀ ਸੰਗੀਤਕ ਯਾਤਰਾ ਦੌਰਾਨ ਉਹ ਧੁਨਾਂ ਰਚੀਆਂ ਜੋ ਅੱਜ ਵੀ ਹਰ ਪੰਜਾਬੀ ਦੇ ਦਿਲ ‘ਚ ਵਸਦੀਆਂ ਹਨ।
ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਸਿੰਘ ਅਹੂਜਾ (74) ਸੋਮਵਾਨ ਯਾਨੀ ਅੱਜ ਪੰਜ ਤੱਤਾਂ ‘ਚ ਵਿਲੀਨ ਹੋ ਗਏ। ਉਨ੍ਹਾਂ ਦੇ ਪੁੱਤਰ ਸਚਿਨ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਤਿੰਨੋਂ ਪੁੱਤਰ ਮ੍ਰਿਤਕ ਦੇਹ ਨੂੰ ਮੋਢਾਂ ਦਿੰਦੇ ਹੋਏ ਨਜ਼ਰ ਆਏ ਤੇ ਫੁੱਲ ਬਰਸਾਏ। ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਪਹੁੰਚੇ।
ਪੰਜਾਬੀ ਸਿੰਗਰ ਗਿੱਪੀ ਗਰੇਵਾਲ, ਹੰਸਰਾਜ ਹੰਸ, ਸਤਿੰਦਰ ਬੁੱਗਾ, ਸੁੱਖੀ ਬਰਾੜ, ਅਲਾਪ ਸਿਕੰਦਰ ਤੇ ਮਦਨ ਸ਼ੌਂਕੀ ਸਮੇਤ ਹੋ ਵੀ ਕਈ ਕਲਾਕਾਰ ਚਰਨਜੀਤ ਸਿੰਘ ਅਹੂਜਾ ਦੀ ਅੰਤਿਮ ਵਿਦਾਈ ‘ਚ ਸ਼ਾਲ ਹੋਏ। ਦੱਸ ਦੇਈਏ ਕਿ ਬੀਤੇ ਦਿਨ ਹੀ ਉਨ੍ਹਾਂ ਨੇ ਆਪਣੇ ਘਰ ‘ਚ ਆਖਿਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ।
ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਨੇ ਆਪਣੀ ਲੰਬੀ ਸੰਗੀਤਕ ਯਾਤਰਾ ਦੌਰਾਨ ਉਹ ਧੁਨਾਂ ਰਚੀਆਂ ਜੋ ਅੱਜ ਵੀ ਹਰ ਪੰਜਾਬੀ ਦੇ ਦਿਲ ‘ਚ ਵਸਦੀਆਂ ਹਨ। ਉਨ੍ਹਾਂ ਦੀ ਬਣਾਈ ਧੁਨ ਕਿਸੇ ਵੀ ਗੀਤ ਨੂੰ ਅਮਰ ਕਰਨ ਦੀ ਸਮਰੱਥਾ ਰੱਖਦੀ ਸੀ। ਪੰਜਾਬੀ ਫਿਲਮਾਂ ਤੇ ਐਲਬਮਾਂ ‘ਚ ਉਨ੍ਹਾਂ ਦਾ ਯੋਗਦਾਨ ਅਤੁੱਲਣੀ ਹੈ। ਗਾਇਕਾਂ ਦੀਆਂ ਪੀੜ੍ਹੀਆਂ ਨੇ ਉਨ੍ਹਾਂ ਦੀ ਰਾਹਨੁਮਾਈ ‘ਚ ਸੰਗੀਤ ਸਿਖਿਆ ਤੇ ਅਹੂਜਾ ਨੇ ਕਈ ਨਵੇਂ ਟੈਲੈਂਟ ਨੂੰ ਇੰਡਸਟਰੀ ‘ਚ ਅੱਗੇ ਵਧਣ ਲਈ ਮੰਚ ਦਿੱਤਾ।
CM ਮਾਨ ਨੇ ਜਤਾਇਆ ਦੁੱਖ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਰਨਜੀਤ ਆਹੂਜਾ ਦੇ ਦੇਹਾਂਤ ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਸੰਗੀਤ ਸਮਰਾਟ ਉਸਤਾਦ ਚਰਨਜੀਤ ਆਹੂਜਾ ਸਾਬ੍ਹ ਦਾ ਚਲੇ ਜਾਣਾ ਸੰਗੀਤ ਇੰਡਸਟਰੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।