ਲੁਧਿਆਣਾ ਪੁਲਿਸ ਹੋਰ ਵੀ ਜ਼ਿਆਦਾ ਚੌੰਕੰਨੀ ਹੋ ਗਈ ਹੈ।
ਬੇਸ਼ੱਕ ਗੰਨ ਕਲਚਰ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸਖਤ ਕਦਮ ਚੁੱਕੇ ਹਨ ਪਰ ਫਿਰ ਵੀ ਇਸ ਦਾ ਅਸਰ ਨੌਜਵਾਨ ਅਤੇ ਬੱਚਿਆਂ ਵਿੱਚ ਦਿਖਾਈ ਦੇ ਰਿਹਾ ਹੈ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ 11ਵੀਂ ਕਲਾਸ ਵਿੱਚ ਪੜ੍ਹਣ ਵਾਲੇ ਵਿਦਿਆਰਥੀ ਤੋਂ ਪੁਲਿਸ ਨੇ ਪਿਸਤੌਲ ਬਰਾਮਦ ਕੀਤਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਹਿਰਾਸਤ ਵਿੱਚ ਲਏ ਗਏ ਵਿਦਿਆਰਥੀ ਦੀ ਉਮਰ ਮਹਿਜ਼ 16 ਸਾਲ ਹੈ ਭਾਵ ਉਹ ਅਜੇ ਨਾਬਾਲਿਗ ਹੈ। ਪੁਲਿਸ ਨੇ ਜਦੋਂ ਇਸ ਵਿਦਿਆਰਥੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ .32 ਬੋਰ ਦਾ ਗੈਰ-ਕਾਨੂੰਨੀ ਪਿਸਤੌਲ, ਦੋ ਜ਼ਿੰਦਾ ਕਾਰਤੂਸ ਅਤੇ 50,000 ਰੁਪਏ ਨਕਦ ਬਰਾਮਦ ਕੀਤੇ ਗਏ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਨੇ ਦੂਜੇ ਵਿਦਿਆਰਥੀਆਂ ਉੱਪਰ ਆਪਣਾ ਰੌਬ ਦਿਖਾਉਣ ਦੀ ਖਾਤਰ ਇਹ ਪਿਸਤੌਲ ਇਸ ਸਥਾਨਕ ਵਿਅਕਤੀ ਤੋਂ 14000 ਰੁਪਏ ਵਿੱਚ ਖਰੀਦਿਆ ਸੀ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਹੋਰ ਵੀ ਜ਼ਿਆਦਾ ਚੌੰਕੰਨੀ ਹੋ ਗਈ ਹੈ।
ਹਿਰਾਸਤ ਵਿੱਚ ਲਿਆ ਗਿਆ ਵਿਦਿਆਰਥੀ ਹੈਬੋਵਾਲ ਦੇ ਇੱਕ ਨਾਮਵਰ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਹੈ। ਪੁੱਛਗਿਛ ਦੌਰਾਨ ਉਸ ਨੇ ਦੱਸਿਆ ਕਿ ਜੋ ਨਗਦੀ ਉਸ ਕੋਲੋਂ ਬਰਾਮਦ ਹੋਈ ਹੈ ਉਹ ਉਸ ਦੀ ਮਾਂ ਦੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਲੜਕੇ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਗੁਪਤ ਸੂਚਨਾ ਦੇ ਅਧਾਰ ਤੇ ਹੋਈ ਕਾਰਵਾਈ
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੁਲਜ਼ਮ ਵਿਦਿਆਰਥੀ ਨੂੰ ਹੈਬੋਵਾਲ ਦੀ ਸਬਜ਼ੀ ਮੰਡੀ ਦੇ ਨੇੜੇ ਰੋਕਿਆ ਗਿਆ। ਤਲਾਸ਼ੀ ਦੌਰਾਨ, ਉਸ ਤੋਂ ਇੱਕ ਪਿਸਤੌਲ, ਕਾਰਤੂਸ ਅਤੇ 50,000 ਰੁਪਏ ਨਕਦ ਬਰਾਮਦ ਹੋਏ।
ਪੁਲਿਸ ਨੇ ਆਰਮਜ਼ ਐਕਟ ਦੀ ਧਾਰਾ 25, 54 ਅਤੇ 59 ਦੇ ਤਹਿਤ ਪੀਏਯੂ ਪੁਲਿਸ ਸਟੇਸ਼ਨ ਵਿੱਚ ਮੁਲਜ਼ਮ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਏਐਸਆਈ ਨੇ ਦੱਸਿਆ ਕਿ ਪੁਲਿਸ ਹੁਣ ਉਸ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸਨੇ ਨਾਬਾਲਗ ਨੂੰ ਹਥਿਆਰ ਵੇਚਿਆ ਸੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਹ ਵਿਦਿਆਰਥੀ ਆਪਣੀ ਮਾਂ ਨਾਲ ਰਹਿੰਦਾ ਹੈ ਅਤੇ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਬਰਾਮਦ ਕੀਤੀ ਗਈ ਨਕਦੀ ਅਸਲ ਵਿੱਚ ਉਸਦੀ ਮਾਂ ਦੀ ਹੈ।