ਇਸ ਮੇਲੇ ਦੇ ਦੌਰਾਨ ਅਗਲੀ ਫਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਉੱਨਤ ਬੀਜਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਫਰੀਦਕੋਟ ‘ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਦੇ ਖੇਤਰੀ ਖੋਜ ਕੇਂਦਰ ‘ਚ ਬੀਤੇ ਦਿਨ, ਵੀਰਵਾਰ ਨੂੰ ਕਿਸਾਨ ਮੇਲਾ ਲਾਇਆ ਗਿਆ। ਇਸ ਮੇਲੇ ‘ਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਕਿਸਾਨ ਮੇਲੇ ‘ਚ ਵੱਡੀ ਗਿਣਤੀ ‘ਚ ਕਿਸਾਨਾਂ ਨੇ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੂੰ ਪੀਏਯੂ ਯੂਨੀਵਰਸਿਟੀ ‘ਚ ਹੋਣ ਵਾਲੀਆਂ ਖੇਤੀ ਸਬੰਧੀ ਨਵੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਖੇਤੀਬਾੜੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਸਬੰਧੀ ਜਾਣਕਾਰੀ ਦਿੱਤੀ।
ਇਸ ਮੇਲੇ ਦੇ ਦੌਰਾਨ ਅਗਲੀ ਫਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਉੱਨਤ ਬੀਜਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉੱਥੇ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਇਲਾਕਿਆਂ ‘ਚ ਕਿਸ ਤਰ੍ਹਾਂ ਦੀ ਬਿਜਾਈ ਕੀਤੀ ਜਾਵੇ ਇਸ ਸਬੰਧੀ ਵੀ ਨਵੀ ਖੋਜਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਕਿਸਾਨੀ ਨਾਲ ਜੁੜਿਆ ਹੋਇਆ ਸੂਬਾ ਹੈ ਤੇ ਖੇਤਾਂ ‘ਚੋਂ ਨਿਕਲ ਕੇ ਹੀ ਪੰਜਾਬ ਦਾ ਵਿਕਾਸ ਮੂਹਰੇ ਆਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਲਗਾਤਾਰ ਯਤਨ ਕਰਦੀ ਹੈ ਕਿ ਖੇਤੀ ਇੱਕ ਲਾਹੇਵੰਦ ਧੰਦਾ ਬਣਾਇਆ ਜਾਵੇ। ਸੰਧਵਾਂ ਨੇ ਇਹ ਵੀ ਕਿਹਾ ਕਿ ਇਸ ਮੌਕੇ ਹੜ੍ਹਾਂ ਨਾਲ ਪੰਜਾਬ ‘ਚ ਹੋਏ ਨੁਕਸਾਨ ਸਬੰਧੀ ਜਾਇਜ਼ਾ ਲਿਆ ਜਾ ਰਿਹਾ ਤੇ ਹੜ੍ਹ ਪੀੜਤ ਇਲਾਕਿਆਂ ‘ਚ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ।
ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੌਂਸਲ ਨੇ ਕਿਹਾ ਕਿ ਸਮੇਂ ਸਮੇਂ ਤੇ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਲਗਾਏ ਜਾਂਦੇ ਹਨ, ਜਿਸ ‘ਚ ਹਰ ਫਸਲ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਨਵੇਂ ਖੋਜ ਕੀਤੇ ਹੋਏ ਬੀਜਾਂ ਤੇ ਖੇਤੀਬਾੜੀ ਦੇ ਨਵੇਂ ਸੰਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦਾ ਇੱਕੋ ਇੱਕ ਮਕਸਦ ਕਿਸਾਨੀ ਲਈ ਨਵੇਂ ਰਾਹ ਪੈਦਾ ਕਰਨਾ ਹੈ। ਯੂਨੀਵਰਸਿਟੀ ਅੰਦਰ ਨਵੇਂ ਬੀਜ ਜੋ ਕਣਕ ਦੀ ਬਿਜਾਈ ਲਈ ਈਜਾਦ ਕੀਤੇ ਗਏ ਹਨ, ਉਹ ਯੂਨੀਵਰਸਿਟੀ ਅੰਦਰ ਕਿਸਾਨਾਂ ਨੂੰ ਮੁਹੱਈਆ ਕਰਾਏ ਜਾ ਰਹੇ ਹਨ। ਇਸ ਤੋਂ ਇਲਾਵਾ ਫਲਦਾਰ ਬੂਟੇ ਵੀ ਯੂਨੀਵਰਸਿਟੀ ਦੇ ਅੰਦਰ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ।