ਪਾਕਿਸਤਾਨ ਕ੍ਰਿਕਟ ਬੋਰਡ ਨੂੰ ਇੱਕ ਹੋਰ ਝਟਕਾ ਲੱਗਿਆ ਹੈ।
ਏਸ਼ੀਆ ਕੱਪ 2025 ਵਿੱਚ ਭਾਰਤ ਤੋਂ ਹਾਰਨ ਤੋਂ ਬਾਅਦ, ਹੁਣ ਪਾਕਿਸਤਾਨ ਨੂੰ ਮੈਦਾਨ ਦੇ ਬਾਹਰ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ-ਪਾਕਿਸਤਾਨ ਮੈਚ ਵਿੱਚ ਹੈਂਡਸ਼ੇਕ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ PCB ਨੇ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ICC ਤੋਂ ਹਟਾਉਣ ਦੀ ਮੰਗ ਕੀਤੀ ਸੀ। PCB ਨੇ ਮੈਚ ਰੈਫਰੀ ਵਿਰੁੱਧ ਸ਼ਿਕਾਇਤ ਕਰਦਿਆਂ ਆਰੋਪ ਲਗਾਇਆ ਸੀ ਕਿ ਉਸਨੇ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਹੱਥ ਨਾ ਮਿਲਾਉਣ ਲਈ ਕਿਹਾ ਸੀ, ਪਰ ਹੁਣ ICC ਨੇ ਇਸ ਮਾਮਲੇ ‘ਤੇ ਆਪਣਾ ਫੈਸਲਾ ਦਿੱਤਾ ਹੈ। ICC ਨੇ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ, ICC ਨੇ PCB ਦੀ ਸ਼ਿਕਾਇਤ ਨੂੰ ਇਸ ਤੋਂ ਕੁਝ ਘੰਟਿਆਂ ਬਾਅਦ ਰੱਦ ਕਰ ਦਿੱਤਾ।
ਕਿਵੇਂ ਸ਼ੁਰੂ ਹੋਇਆ ਵਿਵਾਦ?
14 ਸਤੰਬਰ ਨੂੰ ਭਾਰਤ-ਪਾਕਿਸਤਾਨ ਮੈਚ ਦੀ ਸ਼ੁਰੂਆਤ ਤੋਂ ਹੀ ਵਿਵਾਦ ਦੀ ਸ਼ੁਰੂਆਤ ਹੋਈ ਸੀ। ਜਦੋਂ ਦੋਵਾਂ ਟੀਮਾਂ ਵਿਚਕਾਰ ਟਾਸ ਹੋਇਆ ਤਾਂ ਸੂਰਿਆਕੁਮਾਰ ਯਾਦਵ ਨੇ ਪਾਕਿਸਤਾਨੀ ਕਪਤਾਨ ਸਲਮਾਨ ਆਗਾ ਨਾਲ ਹੱਥ ਨਹੀਂ ਮਿਲਾਇਆ। ਇਸ ਤੋਂ ਬਾਅਦ ਟੀਮ ਇੰਡੀਆ ਨੇ ਮੈਚ ਜਿੱਤਣ ਤੋਂ ਬਾਅਦ ਵੀ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਇਸ ਤੋਂ ਬਾਅਦ ਪੋਸਟ ਪ੍ਰੈਜੇਟੇਸ਼ਨ ‘ਤੇ ਪਾਕਿਸਤਾਨ ਦੇ ਕਪਤਾਨ ਸਲਮਾਨ ਆਗਾ ਵੀ ਨਹੀਂ ਆਏ ਅਤੇ ਫਿਰ ਇਹ ਮਾਮਲਾ ਹੋਰ ਵਧ ਗਿਆ।
ਪੀਸੀਬੀ ਨੇ ਮਾਮਲੇ ਨੂੰ ਭਖਾਇਆ
ਭਾਰਤ ਖਿਲਾਫ ਮੈਚ ਵਿੱਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿੱਚ ਪਾਕਿਸਤਾਨੀ ਟੀਮ ਨੌਸਿਖਿਆ ਦਿਖਾਈ ਦੇ ਰਹੀ ਸੀ, ਪਰ ਪਾਕਿਸਤਾਨੀ ਮੀਡੀਆ ਨੇ ਇਸ ਹਾਰ ‘ਤੇ ਚਰਚਾ ਨਹੀਂ ਕੀਤੀ, ਪਰ ਖ਼ਬਰਾਂ ਚੱਲੀਆਂ ਕਿ ਭਾਰਤੀ ਖਿਡਾਰੀਆਂ ਨੇ ਹੱਥ ਨਹੀਂ ਮਿਲਾਇਆ। ਇਸ ਤੋਂ ਬਾਅਦ ਪੀਸੀਬੀ ਅਤੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਮੁਖੀ ਮੋਹਸਿਨ ਨਕਵੀ ਨੇ ਜਨਤਕ ਪਲੇਟਫਾਰਮ ‘ਤੇ ਇਸ ਦੇ ਖਿਲਾਫ ਟਵੀਟ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਦੀ ਸ਼ਿਕਾਇਤ ਕਰਵਾ ਦਿੱਤੀ। ਆਰੋਪ ਇਹ ਸੀ ਕਿ ਉਨ੍ਹਾਂ ਨੇ ਦੋਵਾਂ ਟੀਮਾਂ ਨੂੰ ਹੱਥ ਮਿਲਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਪਰ ਰਿਪੋਰਟਾਂ ਅਨੁਸਾਰ ਪਾਈਕ੍ਰਾਫਟ ਦਾ ਇਸ ਵਿੱਚ ਕੋਈ ਹੱਥ ਨਹੀਂ ਸੀ। ਟੀਮ ਇੰਡੀਆ ਨੇ ਮੈਚ ਰੈਫਰੀ ਖਿਲਾਫ ਇਸ ਆਰੋਪ ਨੂੰ ਵੀ ਗਲਤ ਦੱਸਿਆ। ਇਹੀ ਕਾਰਨ ਹੈ ਕਿ ਆਈਸੀਸੀ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਅਤੇ ਪੀਸੀਬੀ ਦੀ ਮੰਗ ਨੂੰ ਰੱਦ ਕਰ ਦਿੱਤਾ। ਹੁਣ ਪਾਕਿਸਤਾਨੀ ਟੀਮ ਨੂੰ ਆਪਣਾ ਅਗਲਾ ਮੈਚ 17 ਸਤੰਬਰ ਨੂੰ ਯੂਏਈ ਖਿਲਾਫ ਖੇਡਣਾ ਹੈ ਜਿਸ ਵਿੱਚ ਐਂਡੀ ਪਾਈਕ੍ਰਾਫਟ ਹੀ ਮੈਚ ਰੈਫਰੀ ਹੋਣਗੇ।