ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵਾਸੀਆਂ ਖਿਲਾਫ਼ ਪਾਏ ਜਾ ਰਹੇ ਮਤੇ ਨੂੰ ਲੈ ਕੇ ਕਿਹਾ ਹੈ ਕਿ ਅਸੀਂ ਕਿਸੇ ਨੂੰ ਵੀ ਰੋਕ ਨਹੀਂ ਸਕਦੇ।
ਹੁਸ਼ਿਆਰਪੁਰ ‘ਚ 5 ਸਾਲਾਂ ਹਰਵੀਰ ਸਿੰਘ ਦੀ ਕਿਡਨੈਪਿੰਗ ਤੇ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਪੰਜਾਬ ‘ਚ ਪ੍ਰਵਾਸੀਆਂ ਖਿਲਾਫ਼ ਗੁੱਸਾ ਭੜਕਦਾ ਜਾ ਰਿਹਾ ਹੈ। ਕਈ ਪਿੰਡਾ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਖਿਲਾਫ਼ ਮਤੇ ਵੀ ਪਾਏ ਹਨ। ਹੁਸ਼ਿਆਰਪੁਰ ‘ਚ 25 ਗ੍ਰਾਮ ਪੰਚਾਇਤਾਂ ਨੇ ਸਾਂਝਾ ਫ਼ਰਮਾਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਿਸੇ ਵੀ ਪ੍ਰਵਾਸੀ ਦੇ ਰਿਕਾਰਡ, ਦਸਤਾਵੇਜ਼ ਨਹੀਂ ਬਣਾਏ ਜਾਣਗੇ ਤੇ ਨਾ ਹੀ ਉਨ੍ਹਾਂ ਨੂੰ ਜ਼ਮੀਨ ਵੇਚੀ ਜਾਵੇਗੀ।
ਬਠਿੰਡਾ ਦੇ ਪਿੰਡ ਗਹਿਰੀ ਨੇ ਮਤਾ ਪਾਇਆ ਕਿ ਪ੍ਰਵਾਸੀਆਂ ਦਾ ਨਾ ਤਾਂ ਵੋਟਰ ਤੇ ਨਾ ਹੀ ਆਧਾਰ ਕਾਰਡ ਬਣਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਵੇਗੀ ਤੇ ਪ੍ਰਵਾਸੀਆਂ ਨੂੰ ਮੋਟਰ ‘ਤੇ ਰੱਖਣਾ ਹੋਵੇਗਾ। ਇਸੇ ਤਰ੍ਹਾਂ ਪੰਜਾਬ ਭਰ ‘ਚ ਪ੍ਰਵਾਸੀਆਂ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਕੀਤੇ ਉਨ੍ਹਾਂ ਦੀਆਂ ਰੇਹੜੀਆਂ ਬੰਦ ਕਰਵਾਈਆਂ ਜਾ ਰਹੀਆਂ ਹਨ ਤੇ ਕੀਤੇ ਪ੍ਰਵਾਸੀਆਂ ਦੀ ਝੁੱਗੀਆਂ ਖਾਲੀ ਕਰਵਾਈਆਂ ਜਾ ਰਹੀਆਂ ਹਨ।
ਹਰਵੀਰ ਸਿੰਘ ਦਾ ਕਤਲ
ਦੱਸ ਦੇਈਏ ਕਿ ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਦੇ 5 ਸਾਲਾਂ ਪੁੱਤ ਹਰਵੀਰ ਸਿੰਘ ਨੂੰ ਕੁੱਝ ਦਿਨ ਪਹਿਲਾਂ ਕਿਡਨੈਪ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਉਸ ਦਾ ਬੇਰਹਿਮੀ ਨਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਬੱਚੇ ਦੀ ਲਾਸ਼ ਸ਼ਮਸ਼ਾਨ ਘਾਟ ‘ਚ ਸੁੱਟ ਦਿੱਤੀ ਗਈ। ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਜਾਂਚ ‘ਚ ਬੱਚੇ ਨਾਲ ਦੁਸ਼ਕਰਮ ਕਰਨ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।
ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ: ਸੀਐਮ ਮਾਨ
ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵਾਸੀਆਂ ਖਿਲਾਫ਼ ਪਾਏ ਜਾ ਰਹੇ ਮਤੇ ਨੂੰ ਲੈ ਕੇ ਕਿਹਾ ਹੈ ਕਿ ਅਸੀਂ ਕਿਸੇ ਨੂੰ ਵੀ ਰੋਕ ਨਹੀਂ ਸਕਦੇ। ਇੰਗਲੈਂਡ, ਆਸਟ੍ਰੇਲੀਆ, ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ‘ਚ ਪ੍ਰਵਾਸੀਆਂ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ ਕਿ ਇਨ੍ਹਾਂ ਨੂੰ ਬਾਹਰ ਕੱਢੋ। ਸਾਡੇ ਲੋਕ ਕਈ ਉੱਥੇ ਰਹਿੰਦੇ ਹਨ। ਛੱਡੀਸਗੜ੍ਹ ਤੇ ਬੰਗਾਲ ਵਰਗੇ ਕਈ ਸੂਬਿਆਂ ‘ਚ ਪੰਜਾਬੀਆਂ ਦਾ ਕਾਰੋਬਾਰ ਹੈ, ਉਹ ਵੀ ਕਹਿ ਸਕਦੇ ਹਨ, ਇਨ੍ਹਾਂ ਨੂੰ ਬਾਹਰ ਕੱਢੋ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਕੋਈ ਵੀ ਗਲਤ ਕੰਮ ਕਰਦਾ ਹੈ ਤਾਂ ਉਸ ਖਿਲਾਫ਼ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਸਕਦੇ ਹਾਂ।