ਹਰਦੀਪ ਸਿੰਘ ਮੁੰਡੀਆਂ ਨੇ ਹੁਣ ਸੁਨੀਲ ਜਾਖੜ ‘ਤੇ ਪਲਟਵਾਰ ਕੀਤਾ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ‘ਤੇ ਪਲਟਵਾਰ ਕੀਤਾ ਹੈ। ਮੁੰਡੀਆਂ ਨੇ ਦੋ ਦਿਨ ਪਹਿਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਪੀਐਮ ਮੋਦੀ ਨੇ ਪੰਜਾਬ ਲਈ 1600 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਮੁੰਡੀਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਿਹਾ ਸੀ ਕਿ ਇਹ ਪੈਸੇ ਬਹੁੱਤ ਘੱਟ ਹਨ ਤੇ ਇਸ ‘ਤੇ ਪੀਐਮ ਨੇ ਜਵਾਬ ਦਿੱਤਾ ਸੀ- ਤੁਹਾਨੂੰ ਹਿੰਦੀ ਨਹੀਂ ਆਉਂਦੀ।
ਇਸ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੰਡੀਆਂ ‘ਤੇ ਨਿਸ਼ਾਨਾ ਸਾਧਿਆ ਸੀ ਤੇ ਕਿਹਾ ਸੀ ਕਿ ਉਹ ਮੰਤਰੀ ਮੁੰਡੀਆਂ ਨੂੰ ਨਹੀਂ ਜਾਣਦੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਮੁੰਡੀਆਂ ਕੌਣ ਹਨ ਤੇ ਉਨ੍ਹਾਂ ਕੋਲ ਕਿਹੜਾ ਵਿਭਾਗ ਹੈ।
ਜਾਖੜ ਪੰਜਾਬ ਨੂੰ ਪਿਆਰ ਨਹੀਂ ਕਰਦੇ- ਮੁੰਡੀਆਂ
ਹਰਦੀਪ ਸਿੰਘ ਮੁੰਡੀਆਂ ਨੇ ਹੁਣ ਸੁਨੀਲ ਜਾਖੜ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਲਕਾ ਸਾਹਨੇਵਾਲ ਦੇ ਕਰੀਬ ਪੌਣੇ ਤਿੰਨ ਲੱਖ ਵੋਟਰਾਂ ਨੇ ਮੈਨੂੰ ਚੁਣ ਕੇ ਵਿਧਾਨ ਸਭਾ ਭੇਜਿਆ ਹੈ। ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 3 ਵਿਸ਼ੇਸ਼ ਵਿਭਾਗ ਦੇ ਕੇ ਮੰਤਰੀ ਬਣਾਇਆ ਹੈ। ਜੇਕਰ ਜਾਖੜ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਨਹੀਂ ਪਤਾ ਤਾ ਉਹ ਪੰਜਾਬ ਦੇ ਲੋਕਾਂ ਨੂੰ ਤਾਂ ਕਿ ਹੀ ਸਮਝਣਗੇ।
ਜਾਖੜ ਕਦੇ ਪੰਜਾਬ ਨੂੰ ਪਿਆਰ ਨਹੀਂ ਕਰ ਸਕਦੇ। ਅੱਜ ਆਮ ਆਦਮੀ ਪਾਰਟੀ ‘ਚ ਅਸੀਂ ਆਮ ਘਰਾਂ ਦੇ ਲੋਕ ਮੰਤਰੀ ਬਣ ਗਏ, ਇਸ ਕਾਰਨ ਇਹ ਆਗੂ ਹੁਣ ਸਾਨੂੰ ਜਾਣਦੇ ਨਹੀਂ। ਮੁੰਡੀਆਂ ਨੇ ਕਿਹਾ ਕਿ ਮੈਂ ਪੰਜਾਬ ਦੇ ਮਜ਼ਦੂਰਾਂ ਤੇ ਕਿਸਾਨਾਂ ਦੀ ਗੱਲ ਪ੍ਰਧਾਨ ਮੰਤਰੀ ਮੋਦੀ ਅੱਗੇ ਰੱਖੀ ਸੀ। ਹੜ੍ਹ ਵਾਲੇ ਇਲਾਕਿਆਂ ‘ਚ ਜਾ ਕੇ ਦੇਖਣਾ ਚਾਹੀਦਾ ਹੈ ਕਿ ਉੱਥੇ ਕੀ ਹਾਲਾਤ ਹਨ। ਪੰਜਾਬ ਦੇ ਕਿਸਾਨਾਂ ਦਾ ਬਹੁੱਤ ਜ਼ਿਆਦਾ ਨੁਕਸਾਨ ਹੋਇਆ ਹੈ। ਹੁਣ ਸਿਰਫ਼ ਇੱਕ ਫਸਲ ਖਰਾਬ ਹੋਈ ਹੈ, ਆਉਣ ਵਾਲੀਆਂ ਫਸਲਾਂ ਦੀ ਬਿਜਾਈ ਨਹੀਂ ਹੋ ਸਕੇਗੀ। ਖੇਤ ਤਿਆਰ ਕਰਨ ਨੂੰ ਬਹੁੱਤ ਸਮਾਂ ਲੱਗਦਾ ਹੈ।