ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸੇਵਾ ਤੇ ਹੋਰ ਯੋਗਦਾਨ ਦੀ ਸ਼ਲਾਘਾ ਤੇ ਧੰਨਵਾਦ ਕਰਨ ਲਈ ਵੀਡੀਓ ਕਾਲ ਕੀਤੀ ਸੀ।
ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ‘ਚ ਹੜ੍ਹ ਨੇ ਭਾਰੀ ਨੁਕਸਾਨ ਕੀਤਾ ਹੈ। ਹਜ਼ਾਰਾਂ ਏਕੜ ਫਸਲ ਪਾਣੀ ‘ਚ ਡੁੱਬ ਗਈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਪਹਿਲੇ ਹੀ ਕਿਸਾਨਾਂ ਲਈ ਰਾਹਤ ਪੈਕੇਜ ਦਾ ਐਲਾਨ ਕਰ ਚੁੱਕੀ ਹੈ ਤੇ ਹੁਣ ਸਰਕਾਰ ਕਿਸਾਨਾਂ ਦੇ ਕਰਜ਼ ਮੁਆਫ਼ੀ ਬਾਰੇ ਵੀ ਵਿਚਾਰ ਕਰ ਰਹੀ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਇਸ ‘ਤੇ ਵਿਚਾਰ ਕਰ ਰਹੇ ਹਨ।
ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸੇਵਾ ਤੇ ਹੋਰ ਯੋਗਦਾਨ ਦੀ ਸ਼ਲਾਘਾ ਤੇ ਧੰਨਵਾਦ ਕਰਨ ਲਈ ਵੀਡੀਓ ਕਾਲ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਕਰਜ਼ ਮੁਆਫ਼ੀ ਬਾਰੇ ਵਿਚਾਰ ਕਰ ਰਹੀ ਹੈ। ਸੀਐਮ ਮਾਨ ਨੇ ਕਿਹਾ ਕਿ ਅਸੀਂ ਕਿਸੇ ਦੇ ਚੁਲ੍ਹਾ ਨਹੀਂ ਬੰਦ ਹੋਣ ਦੇਵਾਂਗੇ। ਦੱਸ ਦੇਈਏ ਕਿ ਸੀਐਮ ਭਗਵੰਤ ਮਾਨ ਖ਼ਰਾਬ ਸਿਹਤ ਦੇ ਚੱਲਦੇ ਹਸਪਤਾਲ ‘ਚ ਦਾਖਲ ਹਨ ਤੇ ਉਨ੍ਹਾਂ ਨੇ ਉੱਥੋਂ ਹੀ ਮਨਕੀਰਤ ਨੂੰ ਵੀਡੀਓ ਕਾਲ ਕੀਤੀ ਸੀ।
ਛੋਟੇ ਕਿਸਾਨਾਂ ਦੀ ਜ਼ਰੂਰ ਕੀਤੀ ਜਾਵੇ ਮਦਦ: ਮਨਕੀਰਤ ਔਲਖ
ਸੀਐਮ ਨਾਲ ਗੱਲ ਕਰਦੇ ਹੋਏ ਮਨਕੀਰਤ ਔਲਖ ਨੇ ਛੋਟੇ ਕਿਸਾਨਾਂ ਦੀ ਕਰਜ਼ ਮੁਆਫ਼ੀ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਹਿ ਕੇ ਆਇਆਂ ਹੈ ਕਿ ਸਾਡੇ ਸੀਐਮ ਸਾਡੇ ਨਾਲ ਖੜ੍ਹੇ ਹਨ ਤੇ ਛੋਟੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨਗੇ। ਉਨ੍ਹਾਂ ਕਿਹਾ ਕਿ ਤੁਸੀਂ ਜਲਦੀ ਤੋਂ ਠੀਕ ਹੋ ਜਾਵੋ ਤੇ ਚੜ੍ਹਦੀਕਲਾ ਕਰ ਦਿਓ। ਸਾਨੂੰ ਤੁਹਾਡੇ ‘ਤੇ ਬਹੁੱਤ ਮਾਨ ਹੈ।
ਸੀਐਮ ਨੇ ਕਿਹਾ ਕਿ ਸਾਨੂੰ ਪੰਜਾਬ ਨੇ ਬਹੁੱਤ ਕੁੱਝ ਦਿੱਤਾ ਹੈ ਤੇ ਅਸੀਂ ਪੰਜਾਬ ਨੂੰ ਕੀ ਦੇ ਰਹੇ ਹਾਂ ਉਹ ਤੁਹਾਡੇ (ਮਨਕੀਰਤ) ਤੋਂ ਸਿੱਖਣ ਨੂੰ ਮਿਲਦਾ ਹੈ। ਮੈਂ ਤੁਹਾਡੀਆਂ ਵੀਡੀਓਜ਼ ਦੇਖ ਰਿਹਾ ਹਾਂ। ਪੰਜਾਬ ਕਈ ਵਾਰ ਡਿੱਗਿਆ ਹੈ ਤੇ ਕਈ ਵਾਰ ਉੱਠਿਆ ਹੈ। ਜਦੋਂ ਤੁਹਾਡੇ ਵਰਗੇ ਪੰਜਾਬ ਦੇ ਪੁੱਤ ਖੜ੍ਹ ਜਾਂਦੇ ਹਨ ਤਾਂ ਅਸੀਂ ਰੱਲ ਕੇ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ। ਪੰਜਾਬ ਦੀ ਧਰਤੀ ‘ਤੇ ਬਹੁੱਤ ਬਰਕਤ ਹੈ, ਅਸੀਂ ਤੁਰਕੀ-ਲੀਬੀਆ ‘ਚ ਜਾ ਕੇ ਲੰਗਰ ਲਗਾ ਦਿੰਦੇ ਹਾਂ ਤਾਂ ਆਪਣੇ ਲੋਕਾਂ ਨੂੰ ਕਿਵੇਂ ਭੁੱਖੇ ਰਹਿਣ ਦੇ ਸਕਦੇ ਹਾਂ।