ਗਵਰਨਰ ਕਟਾਰਿਆ ਨੇ ਦੱਸਿਆ ਕਿ ਸੀਐਮ ਦੀ ਸਿਹਤ ‘ਚ ਅੱਗੇ ਨਾਲੋਂ ਸੁਧਾਰ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਹਨ। ਉਨ੍ਹਾਂ ਦੀ ਤਬੀਅਤ ‘ਚ ਸੁਧਾਰ ਹੈ ਤੇ ਉਨ੍ਹਾਂ ਦੀਆਂ ਰਿਪੋਰਟਾਂ ਵੀ ਨਾਰਮਲ ਆਈਆਂ ਹਨ। ਅੱਜ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰਿਆ ਸੀਐਮ ਨੂੰ ਮਿਲਣ ਲਈ ਹਸਪਤਾਲ ਪਹੁੰਚੇ। ਇਸ ਦੌਰਾਨ ਡੀਜੀਪੀ ਗੌਰਵ ਯਾਦਵ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ। ਗਵਰਨਰ ਕਟਾਰਿਆ ਨੇ ਦੱਸਿਆ ਕਿ ਸੀਐਮ ਦੀ ਸਿਹਤ ‘ਚ ਅੱਗੇ ਨਾਲੋਂ ਸੁਧਾਰ ਹੈ। ਸੀਐਮ ਮਾਨ ਨੇ ਇਸ ਦੌਰਾਨ ਪੰਜਾਬ ਦੇ ਹੜ੍ਹਾਂ ‘ਤੇ ਹਾਲਾਤਾਂ ‘ਤੇ ਵੀ ਚਰਚਾ ਕੀਤੀ। ਗਵਰਨਰ ਨੇ ਦੱਸਿਆ ਕੀ ਸੀਐਮ ਨਾਲ ਪੀਐਮ ਦੀ ਬ੍ਰੀਫਿੰਗ ਤੇ ਗੱਲਬਾਤ ‘ਤੇ ਚਰਚਾ ਹੋਈ। ਉਨ੍ਹਾਂ ਕਿਹਾ ਕੀ ਪੀਐਮ ਮੋਦੀ ਹਰ ਤਰੀਕੇ ਨਾਲ ਪਾਜੀਟਿਵ ਹਨ, ਇਹ ਸਿਰਫ਼ 1600 ਕਰੋੜ ਦਾ ਟੋਕਨ ਦਿੱਤਾ ਗਿਆ ਹੈ। ਸਥਿਤੀ ਦਾ ਪੂਰਾ ਮੁਆਇਨਾ ਕਰਨ ਤੋਂ ਬਾਅਦ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਪਸ਼ੂਆਂ ਤੇ ਘਰਾਂ ਦੇ ਨੁਕਸਾਨ ਦੀ ਜੋ ਵੀ ਸੰਭਵ ਮਦਦ ਹੈ ਕੀਤੀ ਜਾਵੇਗੀ।
PM ਨੂੰ ਪੰਜਾਬ ਦੀ ਸਥਿਤੀ ਹਿਮਾਚਲ ਨਾਲੋਂ ਵੀ ਜ਼ਿਆਦਾ ਖ਼ਰਾਬ ਦਿਖਾਈ ਦਿੱਤੀ
ਗਵਰਨਰ ਗੁਲਾਬ ਚੰਦ ਕਟਾਰਿਆ ਨੇ ਕਿਹਾ ਕਿ ਪੀਐਮ ਮੋਦੀ ਨੂੰ ਪੰਜਾਬ ਦੀ ਸਥਿਤੀ ਹਿਮਾਚਲ ਪ੍ਰਦੇਸ਼ ਤੋਂ ਵੀ ਜ਼ਿਆਦਾ ਖ਼ਰਾਬ ਦਿਖਾਈ ਦਿੱਤੀ। 4-5 ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹਨ। ਘੱਗਰ ਨਾਲ ਵੀ ਕਈ ਇਲਾਕਿਆਂ ‘ਚ ਨੁਕਸਾਨ ਹੋਇਆ, ਉਸ ਬਾਰੇ ਵੀ ਜਾਣਕਾਰੀ ਦੇ ਦਿੱਤੀ ਗਈ। ਕੇਂਦਰ ਦੀ ਟੀਮ ਵੀ 3 ਦਿਨ ਪਹਿਲਾਂ ਮੁਆਇਨਾ ਕਰਨ ਲਈ ਆਈ ਸੀ। ਜੋ ਵੀ ਮੁਲਾਂਕਣ ਨਿਕਲਦਾ ਹੈ ਉਸ ਹਿਸਾਬ ਨਾਲ ਮਦਦ ਕੀਤੀ ਜਾਵੇਗੀ।
ਗਵਰਨਰ ਕਟਾਰਿਆ ਨੇ ਕਿਹਾ ਕਿ ਕੇਂਦਰ ਦਾ ਮਦਦ ਕਰਨ ਦਾ ਫਾਰਮੂਲਾ ਹੁੰਦਾ ਹੈ। ਆਫ਼ਤ ਤੇ ਰਾਹਤ ਦਾ ਪੈਸਾ ਸੂਬਾ ਸਰਕਾਰ ਦੇ ਖਾਤੇ ‘ਚ ਆ ਜਾਂਦਾ ਹੈ, ਆਫ਼ਤ ਆਏ ਜਾਂ ਨਾ ਆਏ ਇਸ ਦਾ ਸ਼ੇਅਰ ਸੂਬਾ ਸਰਕਾਰ ਨੂੰ ਮਿਲਦਾ ਹੈ, ਪਰ ਇਸ ਪ੍ਰਕਾਰ ਦੀ ਵਿਸ਼ੇਸ਼ ਸਥਿਤੀ ਬਣਦੀ ਹੈ ਤਾਂ ਏਜੰਸੀਆਂ ਆਉਂਦੀਆਂ ਹਨ ਤੇ ਕੇਂਦਰ ਦੀਆਂ ਟੀਮਾਂ ਜਾਇਜ਼ਾ ਲੈਂਦੀਆਂ ਹਨ। ਮੁਲਾਂਕਣ ਕੀਤਾ ਜਾ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਂ ਕੋਈ ਕਮੀ ਨਹੀਂ ਰੱਖਾਂਗਾ ਤੇ ਹਰ ਸੰਭਵ ਮਦਦ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੋਰ ਮਦਦ ਆਵੇਗੀ। 100 ਫ਼ੀਸਦ ਰਾਹਤ ਰਕਮ ਆਵੇਗੀ।