ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੜ੍ਹ ਦਾ ਜਾਇਜ਼ਾ ਲੈਣ ਲਈ ਪੰਜਾਬ ਪਹੁੰਚ ਰਹੇ ਹਨ
ਪੰਜਾਬ ਦੇ ਜ਼ਿਆਦਾਤਰ ਸਕੂਲ ਅੱਜ ਖੁੱਲ੍ਹਣ ਜਾ ਰਹੇ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਛੱਡ ਕੇ ਸੂਬੇ ਦੇ ਸਾਰੇ ਸਕੂਲ ਤਕਰੀਬਨ 2 ਹਫ਼ਤਿਆਂ ਬਾਅਦ ਖੁੱਲ੍ਹਣਗੇ। ਪੰਜਾਬ ‘ਚ ਹੜ੍ਹ ਤੋਂ ਫਿਲਹਾਲ ਥੋੜ੍ਹੀ ਰਾਹਤ ਹੈ, ਦਰਿਆਵਾਂ ‘ਚ ਅਜੇ ਵੀ ਪਾਣੀ ਛੱਡਿਆ ਜਾ ਰਿਹਾ ਹੈ। ਲੁਧਿਆਣਾ ਦੇ ਸਸਰਾਲੀ ਬੰਨ੍ਹ ਨੂੰ ਖ਼ਤਰਾ ਹੈ ਤੇ ਬੀਤੇ ਕਈ ਦਿਨਾਂ ਤੋਂ ਇਸ ਨੂੰ ਮਜ਼ਬੂਤ ਕੀਤਾ ਜਾ ਰਿਹਾ।
ਇਸ ਦੇ ਨਾਲ ਹੀ ਬਾਕੀ ਜ਼ਿਲ੍ਹਿਆਂ ਦਾ ਪ੍ਰਸ਼ਾਸਨ, ਸਮਾਜਸੇਵਕ ਸੰਸਥਾਵਾਂ ਤੇ ਆਮ ਲੋਕ ਆਪਣੇ-ਆਪਣੇ ਇਲਾਕਿਆਂ ‘ਚ ਟੁੱਟੇ ਹੋਏ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ।
ਪੀਐਮ ਮੌਦੀ ਦਾ ਦੌਰਾ
ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੜ੍ਹ ਦਾ ਜਾਇਜ਼ਾ ਲੈਣ ਲਈ ਪੰਜਾਬ ਪਹੁੰਚ ਰਹੇ ਹਨ, ਇਸ ਦੌਰਾਨ ਉਹ ਹਿਮਾਚਲ ਪ੍ਰਦੇਸ਼ ‘ਚ ਹੋਏ ਨੁਕਸਾਨ ਦਾ ਵੀ ਜਾਇਜ਼ਾ ਲੈਣਗੇ। ਬੀਤੀ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਸੀ। ਹਾਲਾਂਕਿ, ਅਜੇ ਤੱਕ ਕੇਂਦਰ ਵੱਲੋਂ ਕੋਈ ਰਾਹਤ ਪੈਕੇਜ ਨਹੀਂ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪੀਐਮ ਦੇ ਦੌਰੇ ਤੋਂ ਬਾਅਦ ਇਸ ਦਾ ਐਲਾਨ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੂੰ ਨਹੀਂ ਮਿਲ ਸਕਣਗੇ ਸੀਐਮ ਮਾਨ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਆ ਰਹੇ ਹਨ, ਪਰ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰਨਗੇ। ਸੀਐਮ ਨੇ ਪੀਐਮ ਦੇ ਦੌਰੇ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਇੱਕ ਪੋਸਟ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਪੀਐਮ ਦਾ ਸਵਾਗਤ ਕਰਦਾ ਹਾਂ, ਪਰ ਮੇਰੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਨੇ ਸਿਹਤ ਦਾ ਹਵਾਲਾ ਦੇ ਕੇ ਇਸ ਦੌਰੇ ‘ਚ ਨਾ ਮੌਜ਼ੂਦ ਰਹਿਣ ਦੀ ਜਾਣਕਾਰੀ ਦਿੱਤੀ ਹੈ।
ਸੀਐਮ ਮਾਨ ਨੇ ਲਿਖਿਆ- ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਕੱਲ੍ਹ ਪੰਜਾਬ ਆ ਰਹੇ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਮੇਰੀ ਸਿਹਤ ਠੀਕ ਨਹੀਂ ਹੈ, ਨਹੀਂ ਤਾਂ ਮੈਂ ਖੁਦ ਆ ਕੇ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦਾ ਮੁਆਇਨਾ ਕਰਵਾਉਂਦਾ। ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਅਤੇ ਪੰਜਾਬੀਆਂ ਨੂੰ ਕੁਦਰਤੀ ਆਫ਼ਤ ਤੋਂ ਹੋਏ ਨੁਕਸਾਨ ਨੂੰ ਰਾਹਤ ਦੇਣ ਲਈ ਕੁੱਝ ਨਾ ਕੁੱਝ ਵਧੀਆ ਪੈਕੇਜ ਜਾਂ ਐਲਾਨ ਕਰ ਕੇ ਜਾਣਗੇ।