ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਹਸਪਤਾਲ ਤੋਂ ਹੀ ਪੰਜਾਬ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 5 ਦਿਨਾਂ ਤੋਂ ਮੁਹਾਲੀ ਵਿਖੇ ਫੋਰਿਟਸ ਹਸਪਤਾਲ ‘ਚ ਦਾਖਲ ਹਨ। ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਹਸਪਤਾਲ ਨੇ ਮੈਡਿਕਟ ਬੁਲੇਟਿਨ ‘ਚ ਸੀਐਮ ਦੀ ਸਿਹਤ ‘ਤੇ ਅਪਡੇਟ ਦਿੱਤਾ ਹੈ। ਸਿਹਤ ‘ਚ ਸੁਧਾਰ ਹੋਣ ਤੋਂ ਬਾਅਦ ਉਮੀਦ ਲਗਾਈ ਜਾ ਰਹੀ ਹੈ ਕਿ ਸੀਐਮ ਮਾਨ ਨੂੰ ਇੱਕ-ਦੋ ਦਿਨਾਂ ‘ਚ ਛੁੱਟੀ ਮਿਲ ਜਾਵੇਗੀ।
ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਫੋਰਟਿਸ ਹਸਪਤਾਲ ਪਹੁੰਚੇ ਸਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਜਾਣਿਆ ਤੇ ਉਹ ਕਰੀਬ 15 ਮਿੰਟ ਤੱਕ ਸੀਐਮ ਮਾਨ ਦੇ ਨਾਲ ਰਹੇ। ਉੱਥੇ ਹੀ ਤਬੀਅਤ ਵਿਗੜਣ ਤੋਂ ਬਾਅਦ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੀਐਮ ਮਾਨ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ, ਪਰ ਬਾਅਦ ‘ਚ ਸੀਐਮ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਪੰਜਾਬ ਆਮ ਆਦਮੀ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਤੇ ਹੋਰ ਪਾਰਟੀ ਆਗੂਆਂ ਨੇ ਸੀਐਮ ਨਾਲ ਮੁਲਾਕਾਤ ਕੀਤੀ।
ਬੀਤੇ ਦਿਨ ਹਸਪਤਾਲ ਤੋਂ ਕੀਤੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ
ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਹਸਪਤਾਲ ਤੋਂ ਹੀ ਪੰਜਾਬ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ‘ਚ ਸ਼ਾਮਲ ਹੋਏ। ਕੈਬਨਿਟ ਬੈਠਕ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਦੇ ਨਾਮ ਸੰਬੋਧਨ ਕੀਤਾ ਤੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਨਵੀਂ ਨੀਤੀ ਤਹਿਤ ‘ਜਿਸ ਦਾ ਖੇਤ, ਉਸ ਦੀ ਰੇਤ‘ ਨੂੰ ਲਾਗੂ ਕੀਤਾ। ਇਸ ਨੀਤੀ ਨਾਲ ਪੰਜਾਬ ਦੇ ਕਿਸਾਨ ਹੁਣ ਖੇਤਾਂ ‘ਚੋਂ ਹੜ੍ਹ ਨਾਲ ਆਈ ਰੇਤ ਨੂੰ ਹਟਾ ਸਕਦੇ ਹਨ ਤੇ ਇਸ ਰੇਤ ਦੀ ਮਲਕੀਅਤ ਵੀ ਕਿਸਾਨਾਂ ਕੋਲ ਹੋਵੇਗੀ। ਉਹ ਇਸ ਰੇਤ ਦਾ ਜੋ ਕਰਨਾ ਚਾਹੁੰਦੇ ਹਨ, ਉਹ ਕਰ ਸਕਦੇ ਹਨ।
20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ
ਮੁੱਖ ਤੌਰ ਤੇ, ਸਰਕਾਰ ਨੇ ਕਿਸਾਨਾਂ ਲਈ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਸੇ ਵੀ ਰਾਜ ਦੁਆਰਾ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਹੈ। ਇਸ ਤੋਂ ਇਲਾਵਾ, ਹੜ੍ਹਾਂ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਸ ਦੇ ਨਾਲ ਕਿਸਾਨਾਂ ਨੂੰ ਸੁਸਾਇਟੀਆਂ ਜਾਂ ਸਹਿਕਾਰੀ ਬੈਂਕਾਂ ਤੋਂ ਲਏ ਗਏ ਕਰਜ਼ਿਆਂ ਦੀ ਅਦਾਇਗੀ ‘ਚ ਛੇ ਮਹੀਨਿਆਂ ਦੀ ਛੋਟ ਵੀ ਦਿੱਤੀ ਗਈ ਹੈ।