ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਇੱਕ ਮਹੀਨੇ ਦੀ ਤਨਖਾਹ ਰਾਹਤ ਫੰਡ ‘ਚ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ ‘ਚ ਲਗਾਤਾਰ ਮੀਂਹ ਕਾਰਨ ਹਾਲਾਤ ਬਹੁਤ ਮਾੜੇ ਹੋ ਗਏ ਹਨ। ਹਾਲਾਤ ਅਜਿਹੇ ਹਨ ਕਿ ਸੂਬੇ ਦੇ ਕਈ ਸ਼ਹਿਰ ਪੂਰੀ ਤਰ੍ਹਾਂ ਡੁੱਬ ਗਏ ਹਨ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ‘ਚ ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ ਦੇ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਮੀਂਹ ਕਾਰਨ ਪਠਾਨਕੋਟ, ਫਾਜ਼ਿਲਕਾ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਫਿਰੋਜ਼ਪੁਰ ਤੇ ਅੰਮ੍ਰਿਤਸਰ ਦੇ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਦੌਰਾਨ, ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ।
ਪੰਜਾਬ ‘ਚ ਮੁੱਖ ਮੰਤਰੀ, ਮੰਤਰੀ ਅਤੇ ‘ਆਪ’ ਵਿਧਾਇਕ ਰਾਹਤ ਕਾਰਜਾਂ ਲਈ ਇੱਕ ਮਹੀਨੇ ਦੀ ਤਨਖਾਹ ਦਾਨ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ (28 ਅਗਸਤ) ਨੂੰ ਕਿਹਾ ਕਿ ਉਹ, ਉਨ੍ਹਾਂ ਦੀ ਪੂਰੀ ਕੈਬਨਿਟ ਤੇ ਆਮ ਆਦਮੀ ਪਾਰਟੀ (ਆਪ) ਦੇ ਸਾਰੇ ਵਿਧਾਇਕਾਂ ਨੇ ਰਾਜ ‘ਚ ਹੜ੍ਹ ਰਾਹਤ ਕਾਰਜਾਂ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦਾਨ ਕਰਨ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਵਿਧਾਇਕ ਤੇ ਮੰਤਰੀ ਇੱਕ ਮਹੀਨੇ ਦੀ ਤਨਖਾਹ ਦਾਨ ਕਰਨਗੇ
ਮੁੱਖ ਮੰਤਰੀ ਮਾਨ ਨੇ ਇੱਕ ਬਿਆਨ ‘ਚ ਕਿਹਾ ਕਿ ਕੁਦਰਤ ਦੇ ਕਹਿਰ ਕਾਰਨ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ ਤੇ ਇਹ ਉਹ ਸਮਾਂ ਹੈ ਜਦੋਂ ਸਾਰੇ ਪੰਜਾਬੀਆਂ ਨੂੰ ਇੱਕ ਦੂਜੇ ਦਾ ਸਮਰਥਨ ਕਰਨ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਮੰਤਰੀਆਂ ਤੇ ‘ਆਪ’ ਵਿਧਾਇਕਾਂ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੇ ਪ੍ਰਸ਼ਾਸਨ ਇਸ ਸੰਕਟ ਦੀ ਘੜੀ ‘ਚ ਲੋਕਾਂ ਦੀ ਮਦਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
‘ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਭ ਕੁਝ ਜਲਦੀ ਠੀਕ ਹੋ ਜਾਵੇ’
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਕੁਦਰਤ ਦੇ ਕਹਿਰ ਅੱਗੇ ਕੋਈ ਵੀ ਨਹੀਂ ਖੜਾ ਹੋ ਸਕਦਾ, ਪਰ ਆਓ ਆਪਾਂ ਸਾਰੇ ਇਸ ਔਖੇ ਸਮੇਂ ਵਿੱਚ ਇੱਕ ਦੂਜੇ ਦੇ ਨਾਲ ਖੜ੍ਹੇ ਹੋਈਏ। ਮੈਂ ਅਤੇ ਸਾਡੇ ਸਾਰੇ ਮੰਤਰੀ ਤੇ ਵਿਧਾਇਕ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਰਾਹਤ ਕਾਰਜਾਂ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦਾਨ ਕਰ ਰਹੇ ਹਾਂ। ਸਾਡੀ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੇ ਨਾਲ ਖੜ੍ਹਾ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਭ ਕੁਝ ਜਲਦੀ ਠੀਕ ਹੋ ਜਾਵੇ।
ਬਾਰਿਸ਼ ਕਾਰਨ ਸਥਿਤੀ ਖ਼ਰਾਬ
ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਿਆਨਕ ਹੜ੍ਹ ਆਏ ਜਿੱਥੇ ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ ਦੇ ਕੰਢੇ ਸਥਿਤ ਪਿੰਡਾਂ ਤੇ ਖੇਤੀਬਾੜੀ ਜ਼ਮੀਨ ਦੇ ਵੱਡੇ ਹਿੱਸੇ ਪਾਣੀ ‘ਚ ਡੁੱਬ ਗਏ। ਹਾਲਾਂਕਿ, ਸੂਬਾ ਸਰਕਾਰ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਮਦਦ ਕਰ ਰਹੀ ਹੈ। ਮੁੱਖ ਮੰਤਰੀ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ, ਜਦੋਂ ਕਿ ਪੂਰਾ ਮੰਤਰੀ ਮੰਡਲ ਤੇ ਪ੍ਰਸ਼ਾਸਨਿਕ ਅਮਲਾ ਵੀ 24 ਘੰਟੇ ਡਿਊਟੀ ‘ਤੇ ਮੌਜੂਦ ਹੈ।