ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਤੇ ਪੰਜਾਬ ਸਰਕਾਰ ਦੇ ਮੰਤਰੀ (ਪਾਕਿਸਤਾਨ) ਰਮੇਸ਼ ਸਿੰਘ ਅਰੋੜਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ।
ਬੀਤੇ ਦਿਨਾਂ ਤੋਂ ਜਿੱਥੇ ਚੜ੍ਹਦੇ ਪੰਜਾਬ (ਭਾਰਤ ਦੇ ਪੰਜਾਬ) ‘ਚ ਹੜ੍ਹ ਨੇ ਹਾਲਾਤ ਖ਼ਰਾਬ ਕਰ ਰੱਖੇ ਹਨ, ਉੱਥੇ ਹੀ ਲਹਿੰਦੇ ਪੰਜਾਬ (ਪਾਕਿਸਤਾਨ ਦੇ ਪੰਜਾਬ) ‘ਚ ਹੜ੍ਹ ਮਾਰ ਕਰ ਰਿਹਾ ਹੈ। ਪਾਕਿਸਤਾਨ ਪੰਜਾਬ ‘ਚ ਇਸ ਦਾ ਸਭ ਤੋਂ ਵੱਧ ਅਸਰ ਨਾਰੋਵਾਲ ‘ਚ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ‘ਚ ਹੀ ਸਥਿਤ ਹੈ। ਬੀਤੇ ਦਿਨੀਂ ਕਈ ਫੋਟੋਜ਼ ‘ਤੇ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਸ ‘ਚ ਕਈ-ਕਈ ਫੁੱਟ ਤੱਕ ਪਾਣੀ ਕਰਤਾਰਪੁਰ ਸਾਹਿਬ ਅੰਦਰ ਵੜ੍ਹ ਗਿਆ ਸੀ। ਹੁਣ ਕਰਤਾਰਪੁਰ ਸਾਹਿਬ ਦੀ ਸਥਿਤੀ ‘ਤੇ ਉੱਥੋਂ ਦੇ ਮੰਤਰੀ ਨੇ ਅਪਡੇਟ ਦਿੱਤਾ ਹੈ।
ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਤੇ ਪੰਜਾਬ ਸਰਕਾਰ ਦੇ ਮੰਤਰੀ (ਪਾਕਿਸਤਾਨ) ਰਮੇਸ਼ ਸਿੰਘ ਅਰੋੜਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੀ ਦਿਨੀਂ ਅਸੀਂ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ‘ਚ ਗ੍ਰੰਥੀ ਤੇ ਸੇਵਾਦਾਰਾਂ ਨੂੰ ਕਿਸ਼ਤੀਆਂ ਰਾਹੀਂ ਰੈਸਕਿਊ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇੱਥੇ 6 ਫੁੱਟ ਤੱਕ ਪਾਣੀ ਆ ਗਿਆ ਸੀ। ਉਨ੍ਹਾਂ ਨੇ ਦੱਸਿਆ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਨਾਰੋਵਲਾ ਦੀ ਧਰਤੀ ਦਾ ਹਵਾਈ ਦੌਰਾ ਵੀ ਕੀਤਾ ਤੇ ਹੁਕਮ ਦਿੱਤੇ ਕਿ ਤੁਰੰਤ ਤੋਂ ਤੁਰੰਤ ਇੱਥੋਂ ਪਾਣੀ ਕੱਢਿਆ ਜਾਵੇ। ਉਨ੍ਹਾਂ ਦੱਸਿਆ ਕਿ ਗੁਰੂ ਘਰ ‘ਚੋਂ ਪਾਕਿਸਤਾਨੀ ਫੌਜ ਦੇ ਜਵਾਨ ਪਾਣੀ ਕੱਢ ਰਹੇ ਹਨ।
ਅਰੋੜਾ ਨੇ ਦੱਸਿਆ ਕਿ ਕੱਲ੍ਹ ਤੱਕ ਅਸੀਂ ਪਾਣੀ ਕੱਢ ਦਿਆਂਗਾ। ਇਸ ਦੇ ਨਾਲ ਉਨ੍ਹਾਂ ਨੇ ਨਾਰੋਵਾਲ ਦੇ ਨਿਵਾਸੀਆਂ ਨੇ ਬੇਨਤੀ ਕੀਤੀ ਕਿ ਅਸੀਂ ਪਰਸੋਂ ਤੋਂ ਸੇਵਾ ਸ਼ੁਰੂ ਕਰਨੀ ਹੈ ਤਾਂ ਜੋ ਗੁਰੂ ਘਰ ਨੂੰ ਪਹਿਲਾ ਵਰਗਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਸਥਿਤੀ ਠੀਕ ਕੀਤੀ ਜਾਵੇਗੀ ਤਾਂ ਜੋ ਦੋ ਦਿਨਾਂ ਦੀ ਜੋਤ ਬੰਦ ਹੈ, ਉਸ ਦੁਬਾਰਾ ਜਗਾਇਆ ਜਾ ਸਕੇ ਤੇ ਅੰਮ੍ਰਿਤ ਵੇਲਾ ਤੇ ਸ਼ਾਮ ਦੇ ਦੀਵਾਨ ਸਜਾਏ ਜਾ ਸਕਣ।
ਮੋਦੀ ਸਰਕਾਰ ਨੂੰ ਸੰਗਤਾਂ ਭੇਜਣ ਦੀ ਕੀਤੀ ਅਪੀਲ
ਪਾਕਿਸਤਾਨ ਪੰਜਾਬ ਦੇ ਮੰਤਰੀ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ 7 ਮਈ ਤੋਂ ਕਰਤਾਰਪੁਰ ਸਾਹਿਬ ਲਾਂਘਾ ਬੰਦ ਹੈ। ਇੱਥੇ ਸੰਗਤਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਸਾਡੇ ਇੱਥੇ ਸੰਗਤਾਂ ਭੇਜੋ, ਪਰ ਉਨ੍ਹਾਂ ਨੇ 2.5 ਲੱਖ ਕਿਊਸਕ ਪਾਣੀ ਭੇਜਿਆ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਮੀਡੀਆ ਕਰਤਾਰਪੁਰ ਸਾਹਿਬ ਦੀ ਸਥਿਤੀ ਨੂੰ ਗੰਭੀਰਤਾ ਨਾਲ ਚੁੱਕ ਰਿਹਾ ਹੈ। ਪਾਕਿਸਤਾਨੀਆਂ ਨੇ ਹਮੇਸ਼ਾ ਸਿੱਖਾਂ ਦਾ ਸਨਮਾਨ ਕੀਤਾ ਹੈ। ਹਰ ਕੋਈ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ।