ਪੰਜਾਬ ‘ਚ ਕੱਲ੍ਹ ਤੋਂ ਨਵਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਜਾ ਰਿਹਾ ਹੈ।
ਬੀਤੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਪੰਜਾਬ ‘ਚ ਅੱਜ ਹਲਕੀ ਰਾਹਤ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਦੇ ਲਈ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਇਸ ਨਾਲ ਰਾਵੀ ਦਰਿਆ ‘ਚ ਆਏ ਉਫਾਨ ਤੋਂ ਹਲਕੀ ਰਾਹਤ ਮਿਲ ਸਕਦੀ ਹੈ। ਹਾਲਾਂਕਿ, ਹਿਮਾਚਲ ਪ੍ਰਦੇਸ਼ ‘ਦੇ 5 ਜ਼ਿਲ੍ਹਿਆਂ ‘ਚ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਦਾ ਅਨੁਮਾਨ ਹੈ। ਇਸ ਦਾ ਅਸਰ ਬਿਆਸ ਦਰਿਆ ‘ਤੇ ਦੇਖਣ ਨੂੰ ਮਿਲੇਗਾ।
ਕੱਲ੍ਹ ਤੋਂ ਨਵਾਂ ਵੈਸਟਰਨ ਡਿਸਟਰਬੈਂਸ ਹੋਵੇਗਾ ਐਕਟਿਵ
ਪੰਜਾਬ ‘ਚ ਕੱਲ੍ਹ ਤੋਂ ਨਵਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਜਾ ਰਿਹਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਯਾਨੀ ਕੱਲ੍ਹ ਨੂੰ ਦੁਬਾਰਾ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਇਲਾਕਿਆਂ ‘ਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ, ਜਦਕਿ ਬਾਕੀ ਜ਼ਿਲ੍ਹਿਆਂ ‘ਚ ਆਮ ਬਾਰਿਸ਼ ਦਾ ਅਨੁਮਾਨ ਹੈ।
ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ‘ਚ ਵੀ 1 ਸਤੰਬਰ ਤੱਕ ਭਾਰੀ ਬਾਰਿਸ਼ ਦਾ ਅਲਰਟ ਹੈ। ਇੱਕ ਦਿਨ ਦੀ ਰਾਹਤ ਤੋਂ ਬਾਅਦ ਪੰਜਾਬ ਦੇ ਹਾਲਾਤ ਫਿਰ ਤੋਂ ਪ੍ਰਭਾਵਿਤ ਹੋ ਸਕਦੇ ਹਨ।
ਬੀਤੇ ਦਿਨ ਹੜ੍ਹ ਨੇ ਮਚਾਈ ਤਬਾਹੀ
ਬੁੱਧਵਾਰ ਸ਼ਾਮ ਨੂੰ ਰਾਵੀ ਦਰਿਆ ‘ਚ ਉਫਾਨ ਕਾਰਨ ਮਾਧੋਪੁਰ ਹੈਡਵਰਕਸ ਦਾ ਫਲੱਡ ਗੇਟ ਟੁੱਟ ਗਿਆ। ਇੱਥੇ 50 ਲੋਕ ਫਸ ਗਏ। ਇਨ੍ਹਾਂ ਨੂੰ ਕੱਢਣ ਲਈ ਆਰਮੀ ਦਾ ਹੈਲੀਕਾਪਟਰ ਬੁਲਾਣਾ ਪਿਆ। ਹੈਡਵਰਕਸ ਦੇ ਇੱਕ ਕਰਮਚਾਰੀ ਦਾ ਪਤਾ ਨਹੀਂ ਲੱਗ ਪਾ ਰਿਹਾ ਹੈ।
ਬੁੱਧਵਾਰ ਤੜਕੇ ਅਚਾਨਕ ਪਾਣੀ ਆਉਣ ਨਾਲ ਗੁਰਦਾਸਪੁਰ ਦੇ ਨਵੋਦਿਆ ਸਕੂਲ ‘ਚ ਬੱਚੇ ਤੇ ਅਧਿਆਪਕ ਫਸ ਗਏ। ਐਨਡੀਆਰਐਫ ਦੀ ਟੀਮ ਨੇ ਉਨ੍ਹਾਂ ਨੂੰ ਕਿਸ਼ਤੀਆਂ ਨਾਲ ਰੈਸਕਿਊ ਕੀਤਾ।
ਪਠਾਨਕੋਟ-ਜੰਮੂ ਹਾਈਵੇਅ ਨੇੜੇ ਨਹਿਰ ਟੁੱਟਣ ਨਾਲ ਪਾਣੀ ਹਾਈਵੇਅ ਦੇ ਉੱਪਰ ਤੋਂ ਵਹਿਣ ਲੱਗਾ। ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ‘ਚ ਵੀ ਪਾਣੀ ਆ ਗਿਆ।
ਸੀਐਮ ਭਗਵੰਤ ਮਾਨ ਨੇ ਪਠਾਨਕੋਟ ਤੇ ਗੁਰਦਾਸਪੁਰ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਆਪਣਾ ਹੈਲੀਕਾਪਟਰ ਇੱਥੇ ਹੀ ਛੱਡ ਦਿੱਤਾ, ਤਾਂ ਜੋ ਇਸ ਦਾ ਇਸਤੇਮਾਲ ਰੈਸਕਿਊ ਲਈ ਕੀਤਾ ਜਾ ਸਕੇ।