ਨਗਰ ਨਿਗਮ ਦੇ ਅਨੁਸਾਰ ਸੁਨੀਲ ਮੜੀਆ ਦਾ ਦਫ਼ਤਰ ਪਹਿਲੇ ਇੱਕ ਰਿਹਾਇਸ਼ੀ ਅਪਾਰਟਮੈਂਟ ‘ਚ ਕਾਮਰਸ਼ਿਅਲ ਇਸਤੇਮਾਲ ਲਈ ਬਣਾਇਆ ਗਿਆ ਸੀ।
ਲੁਧਿਆਣਾ ‘ਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੁਨੀਲ ਮੜੀਆ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ ਗ੍ਰਿਫ਼ਤਾਰੀ ਨਗਰ ਨਿਗਰ ਦੀ ਸ਼ਿਕਾਇਤ ‘ਤੇ ਹੋਈ ਹੈ। ਮੜੀਆ ‘ਤੇ ਮਾਲ ਰੋਡ ਸਥਿਤ ਧੌਲਾਗਿਰੀ ਅਪਾਰਟਮੈਂਟ ‘ਚ ਸੀਲ ਕੀਤੇ ਗਏ ਆਪਣੇ ਦਫ਼ਤਰ ਦੀ ਸੀਲ ਤੋੜਨ ਦਾ ਇਲਜ਼ਾਮ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸ਼ਹਿਰ ‘ਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ।
ਨਗਰ ਨਿਗਮ ਦੇ ਅਨੁਸਾਰ ਸੁਨੀਲ ਮੜੀਆ ਦਾ ਦਫ਼ਤਰ ਪਹਿਲੇ ਇੱਕ ਰਿਹਾਇਸ਼ੀ ਅਪਾਰਟਮੈਂਟ ‘ਚ ਕਾਮਰਸ਼ਿਅਲ ਇਸਤੇਮਾਲ ਲਈ ਬਣਾਇਆ ਗਿਆ ਸੀ। ਇਸ ਲਈ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਸੀ। ਨਗਰ ਨਿਗਮ ਵੱਲੋਂ ਲਿਖਤੀ ਸ਼ਿਕਾਇਤ ਪੁਲਿਸ ਨੂੰ ਭੇਜੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਸੁਨੀਲ ਮੜੀਆ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਗੈਰ-ਕਾਨੂੰਨੀ ਉਸਾਰੀ ਦੇ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਹੋਇਆ ਨਗਰ ਨਿਗਰ ਵੱਲੋਂ ਮਾਲ ਰੋਡ ਵਿਖੇ ਧੌਲਾ ਗਿਰੀ ਅਪਾਰਟਮੈਂਟਸ ‘ਚ ਸੁਨੀਲ ਮੜੀਆ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਸੀ। ਦੱਸਿਆ ਗਿਆ ਸੀ ਕਿ ਇਸ ਰਿਹਾਇਸ਼ੀ ਬਲਾਕ ਨੂੰ ਗੈਰ-ਕਾਨੂੰਨੀ ਰੂਪ ‘ਚ ਕਾਮਰਸ਼ੀਅਲ ਤੌਰ ‘ਤੇ ਵਰਤਿਆ ਜਾ ਰਿਹਾ ਸੀ।
ਇਸ ਤੋਂ ਇਲਾਵਾ ਮੜਿਆ ਦੇ ਘਰ ਪਿੱਛੇ ਗੇਟ ਜੋਂ ਕਿ ਕਿਚਲੂ ਨਗਰ ‘ਚ ਇੱਕ ਪਾਰਕ ‘ਚ ਗੈਰ-ਕਾਨੂਨੀ ਤਰੀਕੇ ਨਾਲ ਖੁਲਦਾ ਸੀ, ਉਸ ਨੂੰ ਵੀ ਨਗਰ ਨਿਗਮ ਨੇ ਬੰਦ ਕਰ ਦਿੱਤਾ ਸੀ। ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਸਾਡੀ ਟੀਮ ਨਿਯਮੀਤ ਤੌਰ ‘ਤੇ ਗੈਰ-ਕਾਨੂੰਨੀ ਉਸਾਰੀਆਂ ਖਿਲਾਫ਼ ਕਾਰਵਾਈ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ‘ਚ ਵੀ ਇਹ ਅਭਿਆਨ ਜਾਰੀ ਰਹੇਗਾ।