ਜਲ ਸਰੋਤ ਮੰਤਰੀ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਪੌਂਗ ਡੈਮ ‘ਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ।
ਹਿਮਾਚਲ ਪ੍ਰਦੇਸ਼ ‘ਚ ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਪੰਜਾਬ ਦੇ ਡੈਮਾਂ ‘ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਹੁਣ ਪੰਜਾਬ ਦੇ ਦਰਿਆਵਾਂ ‘ਚ ਪਾਣੀ ਛੱਡਿਆ ਜਾ ਰਿਹਾ ਹੈ। ਬਿਆਸ, ਰਾਵੀ ਤੇ ਸਤਲੁਜ ‘ਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ, ਜਿਸ ਕਰਕੇ ਪਠਾਨਕੋਟ, ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਨਾਲ ਹੋਰ ਵੀ ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ।
ਕਪੂਰਥਲਾ, ਫਾਜ਼ਿਲਕਾ ਤੇ ਫਿਰੋਜ਼ਪੁਰ ‘ਚ ਕਰੀਬ 13,500 ਏਕੜ ਖੇਤਰ ਪ੍ਰਭਾਵਿਤ ਹੈ। ਹੁਸ਼ਿਆਪੁਰ, ਗੁਰਦਾਸਪੁਰ, ਤੇ ਤਰਨਤਾਰਨ ‘ਚ ਵੀ ਹਾਲਾਤ ਖ਼ਰਾਬ ਹਨ। ਕਪੂਰਥਲਾ ‘ਚ ਬੱਚਿਆਂ ਤੇ ਬਜ਼ੁਰਗਾਂ ਸਮੇਤ 600 ਲੋਕਾਂ ਨੂੰ ਰੈਸਕਿਊ ਕਰਕੇ ਰਾਹਤ ਕੈਂਪਾਂ ਤੱਕ ਪਹੁੰਚਾਇਆ ਗਿਆ ਹੈ। ਪੰਜਾਬ ਸਰਕਾਰ ਪੂਰੀ ਤਰ੍ਹਾਂ ਸਥਿਤੀ ਨੂੰ ਲੈ ਕੇ ਹਿਮਾਚਲ ਸਰਕਾਰ ਤੇ ਭਾਖੜਾ ਬਿਆਸ ਮਨੇਜਮੈਂਟ ਬੋਰਡ (ਬੀਬੀਐਮਬੀ) ਦੇ ਸੰਪਰਕ ‘ਚ ਹੈ।
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪ੍ਰਭਾਵਿਤ ਜ਼ਿਲ੍ਹਿਆਂ ‘ਚ ਸਥਿਤੀ ਦਾ ਜਾਇਜ਼ਾ ਲੈਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪ੍ਰਭਾਵਿਤ ਖੇਤਰਾਂ ‘ਚ ਤੁਰੰਤ ਰਾਹਤ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਤੇ ਬੱਚਿਆਂ ਨੂੰ ਪਹਿਲ ਦੇ ਆਧਾਰ ‘ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੇ ਤਰਨਤਾਰਨ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਰਿਕੇ ਹੈਡਵਰਕਸ ‘ਚ 24 ਘੰਟੇ ਨਿਗਰਾਨੀ ਦੇ ਲਈ ਨਿਰਦੇਸ਼ ਦਿੱਤੇ ਹਨ।
ਪੌਂਗ ਡੈਮ ‘ਚ ਵੱਧ ਰਿਹਾ ਪਾਣੀ ਦਾ ਪੱਧਰ
ਮੰਤਰੀ ਗੋਇਲ ਨੇ ਦੱਸਿਆ ਕਿ ਪੌਂਗ ਡੈਮ ‘ਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਸ ਕਰਕੇ ਹੌਲੀ-ਹੌਲੀ ਪਾਣੀ ਛੱਡਿਆ ਜਾ ਰਿਹਾ ਹੈ। ਸਾਡਾ ਯਤਨ ਹੈ ਕਿ ਕਿਸੇ ਵੀ ਤਰੀਕੇ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਬਣਾਏ ਗਏ ਅਸਥਾਈ ਬੰਨ੍ਹਾਂ ‘ਚ ਦਰਾਰਾਂ ਆ ਗਈਆਂ ਹਨ। ਇਸ ਕਾਰਨ 13,500 ਏਕੜ ਫਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕਪੂਰਥਲਾ ‘ਚ 3,000 ਏਕੜ ਫਸਲ ਨੂੰ ਨੁਕਸਾਨ ਹੋਇਆ ਹੈ, ਲੋਕਾਂ ਨੂੰ ਰਾਹਤ ਕੈਂਪਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਲੋਕ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਨੂੰ ਛੱਡਣ ਲਈ ਤਿਆਰ ਨਹੀਂ ਹਨ।
ਫਿਰੋਜ਼ਪੁਰ ‘ਚ 4100 ਏਕੜ ਫਸਲ ਪ੍ਰਭਾਵਿਤ
ਫਿਰੋਜ਼ਪੁਰ ‘ਚ 4100 ਏਕੜ ਫਸਲ ਪ੍ਰਭਾਵਿਤ ਹੋਈ ਹੈ। ਇੱਥੇ ਪਿੰਡ ਕਾਲੂਵਾਲਾ ਦਾ ਸੰਪਰਕ ਟੁੱਟ ਗਿਆ ਹੈ, ਇੱਥੇ ਬੇੜੀਆਂ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਨਾਲ ਹੀ ਫਸੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਰ੍ਹਾਂ ਫਾਜ਼ਿਲਕਾ ‘ਚ ਬਾਰਡਰ ਨਾਲ ਲੱਗਦੇ ਪਿੰਡਾਂ ‘ਚ 6400 ਏਕੜ ਫਸਲ ਨੂੰ ਨੁਕਸਾਨ ਹੋਇਆ ਹੈ। ਘੱਗਰ ‘ਚ ਇਸ ਵਾਰ ਕੋਈ ਨੁਕਸਾਨ ਨਹੀਂ ਹੋਇਆ ਹੈ। ਗੋਇਲ ਨੇ ਕਿਹਾ ਕਿ ਫਸਲਾਂ ਦੇ ਨੁਕਸਾਨ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸਾਰੇ ਡੀਸੀ ਦਫ਼ਤਰਾਂ ਨੂੰ ਹੁਕਮ ਦਿੱਤੇ ਜਾ ਚੁੱਕੇ ਹਨ।