ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਇਨੋਵਾ ਕਾਰ ਡਿਵਾਈਡਰ ਨਾਲ ਟਕਰਾ ਗਈ।
ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਉਨ੍ਹਾਂ ਦੀ ਇਨੋਵਾ ਕਾਰ ਡਿਵਾਈਡਰ ਨਾਲ ਟਕਰਾ ਗਈ। ਕਾਰ ‘ਚ ਵਿਧਾਇਕ ਰਜਿੰਦਰਪਾਲ ਨਾਲ ਉਨ੍ਹਾਂ ਦਾ ਪਰਿਵਾਰ ਵੀ ਮੌਜੂਦ ਸੀ। ਵਿਧਾਇਕ ਸਮੇਤ ਪਰਿਵਾਰਕ ਮੈਂਬਰਾਂ ਤੇ ਸੁਰੱਖਿਆ ਕਰਮਚਾਰੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਇਸ ਹਾਦਸੇ ‘ਚ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੇ ਮੂੰਹ ‘ਤੇ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ‘ਚ ਕੈਥਲ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀਆਂ ਸੱਟਾਂ ਗੰਭੀਰ ਦੱਸੀਆਂ ਜਾ ਰਹੀਆਂ ਹਨ।
ਅਮਰੀਕਾ ਤੋਂ ਪਰਤੇ ਸਨ ਵਿਧਾਇਕ
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਬੀਤੇ ਦਿਨੀਂ ਕਿਸੇ ਕਾਨਫਰੰਸ ‘ਚ ਸ਼ਾਮਲ ਹੋਣ ਲਈ ਅਮਰੀਕਾ ਗਏ ਸਨ। ਮੰਗਲਵਾਰ ਦੇਰ ਰਾਤ ਉਹ ਦਿੱਲੀ ਏਅਰਪੋਰਟ ਪਹੁੰਚੇ। ਉਨ੍ਹਾਂ ਨੂੰ ਪਰਿਵਾਰਕ ਮੈਂਬਰ ਤੇ ਸੁਰੱਖਿਆ ਕਰਮਚਾਰੀ ਲੈਣ ਲਈ ਗਏ ਹੋਏ ਸਨ।
ਇਸ ਦੌਰਾਨ ਜਿਵੇਂ ਹੀ ਉਨ੍ਹਾਂ ਦੀ ਕਾਰ ਖਨੌਰੀ ਬਾਰਡਰ ਕੋਲ ਪਹੁੰਚੀ ਤਾਂ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਦੌਰਾਨ ਵਿਧਾਇਕ ਦਾ ਚਿਹਰਾ ਕਾਰ ਦੀ ਕਿਸੀ ਚੀਜ਼ ਨਾਲ ਟਕਰਾਇਆ, ਜਿਸ ਤੋਂ ਬਾਅਦ ਉਨ੍ਹਾਂ ਦੇ ਚੇਹਰੇ ‘ਤੇ ਗੰਭੀਰ ਸੱਟਾਂ ਆਈਆਂ ਹਨ। ਹਾਦਸੇ ‘ਚ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਤਬਾਹ ਹੋ ਗਿਆ।
ਹਾਦਸੇ ਤੋਂ ਬਾਅਦ ਵਿਧਾਇਕ ਰਜਿੰਦਰਪਾਲ ਨੂੰ ਤੁਰੰਤ ਕੈਥਲ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸੁਰੱਖਿਆ ਕਰਮਚਾਰੀ ਨੂੰ ਵੀ ਸੱਟਾਂ ਲੱਗੀਆਂ ਹਨ।
ਵਿਧਾਨ ਸਭਾ ਚੋਣ ‘ਚ ਹਾਸਲ ਕੀਤੀ ਸੀ ਵੱਡੀ ਜਿੱਤ
ਰਜਿੰਦਰ ਪਾਲ ਕੌਰ ਛੀਨਾ ਇੱਕ ਭਾਰਤੀ ਸਿਆਸਤਦਾਨ ਹਨ ਤੇ ਪੰਜਾਬ ਵਿਧਾਨ ਸਭਾ ‘ਚ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਹ ਆਮ ਆਦਮੀ ਪਾਰਟੀ ਦੇ ਮੈਂਬਰ ਹਨ। ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵਿਧਾਇਕ ਚੁਣੇ ਗਏ ਸਨ। ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ‘ਚੋਂ 92 ਸੀਟਾਂ ਜਿੱਤੀਆਂ ਸਨ।
ਰਜਿੰਦਰਪਾਲ ਕੌਰ ਛੀਨਾ ਨੇ 2022 ਵਿਧਾਨ ਸਭਾ ਚੋਣ ‘ਚ ਵੱਡੀ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੂੰ 43,811 ਵੋਟਾਂ ਮਿਲੀਆਂ ਸਨ। ਦੂਜੇ ਨੰਬਰ ‘ਤੇ ਭਾਜਪਾ ਦੇ ਸਤਿੰਦਰਪਾਲ ਸਿੰਘ ਤਾਜਪੁਰੀ ਰਹੇ ਸਨ। ਉਨ੍ਹਾਂ ਨੂੰ 17,673 ਵੋਟਾਂ ਮਿਲੀਆਂ ਸਨ।