ਪੰਜਾਬ ‘ਚ ਪਰਾਲੀ ਜਲਾਉਣ ਦਾ ਸਿਲਸਿਲਾ ਰੋਕਣ ਦਾ ਨਾਮ ਨਹੀਂ ਲੈ ਰਿਹਾ।
ਪੰਜਾਬ ‘ਚ ਪਰਾਲੀ ਜਲਾਉਣ ਦਾ ਸਿਲਸਿਲਾ ਰੋਕਣ ਦਾ ਨਾਮ ਨਹੀਂ ਲੈ ਰਿਹਾ। ਸੋਮਵਾਰ ਨੂੰ ਪਰਾਲੀ ਜਲਾਉਣ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 62 ਹੋ ਗਈ। ਪੰਜਾਬ ‘ਚ 15 ਸਤੰਬਰ ਤੱਕ ਪਰਾਲੀ ਜਲਾਉਣ ਦੇ ਮਾਮਲਿਆਂ ਦੀ ਸੈਟੇਲਾਈਟ ਮਾਨੀਟਰਿੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਸਭ ਤੋਂ ਵੱਧ ਪਰਾਲੀ ਜਲਾਉਣ ਦੇ ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਹਨ। ਇਸ ਤੋਂ ਬਾਅਦ ਤਰਨਤਾਰਨ ਤੇ ਪਟਿਆਲਾ ਜ਼ਿਲ੍ਹੇ ‘ਚ ਸਭ ਤੋਂ ਵੱਧ ਪਰਾਲੀ ਜਲਾਈ ਗਈ ਹੈ।
ਸੂਬੇ ‘ਚ ਪਿਛਲੇ ਸਾਲ ਇਸ ਸਮੇਂ ਤੱਕ ਪਰਾਲੀ ਜਲਾਉਣ ਦੇ 62 ਮਾਮਲੇ ਆ ਚੁੱਕੇ ਸਨ, ਜਦਕਿ ਸਾਲ 2023 ‘ਚ ਸਿਰਫ਼ 7 ਮਾਮਲੇ ਆਏ ਸਨ। ਇਸ ਤੋਂ ਸਾਫ਼ ਹੈ ਕਿ ਇਸ ਵਾਰ ਵੀ ਪੰਜਾਬ ‘ਚ ਪਰਾਲੀ ਜਲਾਉਣ ‘ਤੇ ਜਾਰੀ ਕੀਤੇ ਗਏ, ਸਖ਼ਤ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ। ਸੋਮਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ‘ਚ ਪਰਾਲੀ ਜਲਾਉਣ ਦੇ ਤਿੰਨ ਮਾਮਲੇ, ਕਪੂਰਥਲਾ ‘ਚ ਇੱਕ ਤੇ ਤਰਨਤਾਰਨ ‘ਚ ਦੋ ਮਾਮਲੇ ਸਾਹਮਣੇ ਆਏ ਹਨ।
ਹੁਣ ਤੱਕ ਕਿਸ ਜ਼ਿਲ੍ਹੇ ‘ਚ ਕਿੰਨੇ ਕੇਸ?
ਪੰਜਾਬ ‘ਚ 15 ਸਤੰਬਰ ਤੋਂ ਲੈ ਕੇ ਹੁਣ ਤੱਕ ਪਰਾਲੀ ਜਲਾਉਣ ਦੇ ਕੁੱਲ 62 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਤੋਂ- 38 ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਪਟਿਆਲਾ ਤੇ ਤਰਨਤਾਰਨ ਤੋਂ 7 ਮਾਮਲੇ, ਬਰਨਾਲਾ ਤੋਂ 2, ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਸੰਗਰੂਰ, ਐਸਏਐਸ ਨਗਰ ਤੇ ਮਲੇਰਕੋਟਲਾ ਤੋਂ 1-1 ਮਾਮਲਾ ਸਾਹਮਣੇ ਆਇਆ ਹੈ।
14 ਮਾਮਲਿਆਂ ‘ਚ ਐਫਆਈਆਰ ਦਰਜ
ਉੱਥੇ ਹੀ, 14 ਮਾਮਲਿਆਂ ‘ਚ ਸੈਕਸ਼ਨ 223 ਬੀਐਨਐਸ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪਰਾਲੀ ਜਲਾਉਣ ‘ਤੇ ਪੰਜਾਬ ‘ਚ 15 ਰੈੱਡ ਐਂਟਰੀਆਂ ਕੀਤੀਆਂ ਗਈਆਂ ਹਨ। ਜ਼ਮੀਨ ਰਿਕਾਰਡ ‘ਚ ਰੈੱਡ ਐਂਟਰੀ ਹੋਣ ‘ਤੇ ਸਬੰਧਤ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕਦਾ ਹੈ ਤੇ ਨਾਂ ਹੀ ਜ਼ਮੀਨ ‘ਤੇ ਲੋਨ ਲੈ ਸਕਦਾ ਹੈ।