ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਕੁੱਲ 6 ਮੁਲਜ਼ਮ ਹਨ।
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਇੱਕ ਡਾਕਟਰ ਤੋਂ ਫਿਰੌਤੀ ਮੰਗਣ ਤੇ ਉਸ ਦੇ ਘਰ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕਬੱਡੀ ਖਿਡਾਰੀ ਗੁਰਲਾਲ ਨੇ ਡਾਕਟਰ ਤੋਂ 30 ਲੱਖ ਦੀ ਫਿਰੌਤੀ ਮੰਗੀ ਸੀ ਤੇ ਉਸ ਦੇ ਘਰ ਬਾਹਰ ਧਮਕਾਉਣ ਲਈ ਗੋਲੀਆਂ ਚਲਾਈਆਂ ਸਨ।
ਅੰਮ੍ਰਿਤਸਰ ਪੁਲਿਸ ਦਿਹਾਤੀ ਡੀਐਸਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਕੁੱਲ 6 ਮੁਲਜ਼ਮ ਹਨ, ਜਿਨ੍ਹਾਂ ‘ਚੋਂ ਗੁਰਲਾਲ ਸਿੰਘ (ਵਾਸੀ ਪਿੰਡ ਸੋਹਲ, ਤਰਨਤਾਰਨ) ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ 5 ਮੁਲਜ਼ਮ ਫ਼ਰਾਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਗੁਰਲਾਲ ਦੇ ਤਿੰਨ ਸਾਥੀ ਵੀ ਕਬੱਡੀ ਖਿਡਾਰੀ ਹਨ, ਪਰ ਉਨ੍ਹਾਂ ਦੀ ਸਪਸ਼ਟ ਪਛਾਣ ਅਤੇ ਭੂਮਿਕਾ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਪਸ਼ਟ ਹੋ ਸਕੇਗੀ।
ਡਾਕਟਰ ਦੇ ਘਰ ਬਾਹਰ ਫਾਇਰਿੰਗ ਕਰ ਫੈਲਾਈ ਦਹਿਸ਼ਤ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰਲਾਲ ਨੇ ਪਿੰਡ ਭਿਲੋਵਾਲੀ (ਲੋਪੋਕੇ) ਦੇ ਰਹਿਣ ਵਾਲੇ ਡਾਕਟਰ ਯੁਵਰਾਜ ਨੰਦਾ ਦੇ ਘਰ ਦੇ ਬਾਹਰ ਫ਼ਾਇਰਿੰਗ ਕਰਕੇ ਦਹਿਸ਼ਤ ਫੈਲਾਈ ਸੀ, ਜਿਸ ਦਾ ਮਕਸਦ ਫਿਰੌਤੀ ਦੀ ਰਕਮ ਹਾਸਲ ਕਰਨਾ ਸੀ। ਪੁਲਿਸ ਨੇ ਗੁਰਲਾਲ ਕੋਲੋਂ ਇੱਕ ਨਜਾਇਜ਼ ਪਿਸਤੌਲ ਅਤੇ ਮੈਗਜ਼ੀਨ ਵੀ ਬਰਾਮਦ ਕੀਤੀ ਹੈ।
ਮੁਲਜ਼ਮ ਖਿਡਾਰੀ ਦੇ ਪਾਸਪੋਰਟ ਤੇ ਲੱਗਾ ਹੋਇਆ ਸੀ Visa
ਗ੍ਰਿਫ਼ਤਾਰ ਤੋਂ ਬਾਅਦ ਗੁਰਲਾਲ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਨੇ ਰਿਮਾਂਡ ਹਾਸਿਲ ਕੀਤਾ ਹੈ, ਜਿਸ ਦੌਰਾਨ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰਲਾਲ ਸਿੰਘ ਦੇ ਅੰਤਰਰਾਸ਼ਟਰੀ ਖਿਡਾਰੀ ਹੋਣ ਦੇ ਚਲਦੇ, ਇਸ ਦੇ ਪਾਸਪੋਰਟ ਤੇ ਵਿਜ਼ੇ ਲੱਗੇ ਹੋਏ ਸਨ, ਪਰ ਇਹ ਨਹੀਂ ਪਤਾ ਸੀ ਕਿ ਇਹ ਬਾਹਰ ਭੱਜਣ ਦੀ ਫਿਰਾਕ ਵਿੱਚ ਸੀ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਫ਼ਰਾਰ ਮੁਲਜ਼ਮਾਂ ਦੀ ਭਾਲ ‘ਚ ਵੱਖ-ਵੱਖ ਥਾਂਵਾ ‘ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ।