Home Desh Punjab ‘ਚ ਲੂ ਦਾ ਆਰੇਂਜ਼ ਅਲਰਟ, ਤਾਪਮਾਨ ਆਮ ਨਾਲੋਂ 3.8 ਡਿਗਰੀ ਵੱਧ,...

Punjab ‘ਚ ਲੂ ਦਾ ਆਰੇਂਜ਼ ਅਲਰਟ, ਤਾਪਮਾਨ ਆਮ ਨਾਲੋਂ 3.8 ਡਿਗਰੀ ਵੱਧ, ਅਗਲੇ ਤਿੰਨ ਦਿਨਾਂ ਤੱਕ ਨਹੀਂ ਰਾਹਤ

146
0

ਸੂਬੇ ‘ਚ ਜ਼ਿਆਦਾਤਰ ਜ਼ਿਲ੍ਹਿਆਂ ‘ਚ ਦਿਨ ਸਮੇਂ ‘ਲੂ ਤੇ ਰਾਤ ਨੂੰ ਵੀ ਗਰਮੀ ਦੀ ਸਥਿਤੀ ਬਣੀ ਹੋਈ ਹੈ।

ਪੰਜਾਬ ‘ਚ ਅੱਜ ਯਾਨੀ 10 ਜੂਨ ਨੂੰ ਲੂ ਦਾ ਆਰੇਂਜ਼ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਤੇ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਬੀਤੇ 24 ਘੰਟਿਆਂ ‘ਚ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ‘ਚ 1.2 ਡਿਗਰੀ ਦਾ ਵਾਧਾ ਹੋਇਆ ਹੈ, ਜੋ ਆਮ ਨਾਲੋਂ 3.8 ਡਿਗਰੀ ਵੱਧ ਹੈ।
ਮੌਸਮ ਵਿਭਾਗ ਅਨੁਸਾਰ ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸਮਰਾਲਾ ‘ਚ 46.1 ਡਿਗਰੀ ਦਰਜ਼ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਦਾ ਤਾਪਮਾਨ 43.8 ਡਿਗਰੀ, ਅੰਮ੍ਰਿਤਸਰ ਦਾ 44.2 ਡਿਗਰੀ, ਬਠਿੰਡਾ ਦਾ 44.6 ਡਿਗਰੀ ਤੇ ਲੁਧਿਆਣਾ ਦਾ 43.9 ਡਿਗਰੀ ਦਰਜ਼ ਕੀਤਾ ਗਿਆ।
ਸੂਬੇ ‘ਚ ਜ਼ਿਆਦਾਤਰ ਜ਼ਿਲ੍ਹਿਆਂ ‘ਚ ਦਿਨ ਸਮੇਂ ‘ਲੂ ਤੇ ਰਾਤ ਨੂੰ ਵੀ ਗਰਮੀ ਦੀ ਸਥਿਤੀ ਬਣੀ ਹੋਈ ਹੈ। ਮੌਸਮ ਵਿਭਾਗ ਨੇ ਅਗਲੇ ਕੁੱਝ ਦਿਨਾਂ ਦੇ ਲਈ ਆਰੇਂਜ਼ ਅਲਰਟ ਜਾਰੀ ਕੀਤਾ ਹੈ। ਖਾਸ ਤੌਰ ‘ਤੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ, ਮੋਗਾ, ਮਾਨਸਾ ਤੇ ਬਰਨਾਲਾ ‘ਚ ਲੂ ਤੇ ਗਰਮ ਰਾਤਾਂ ਦਾ ਅਸਰ ਦੇਖਣ ਨੂੰ ਮਿਲੇਗਾ।

14 ਜੂਨ ਤੋਂ ਰਾਹਤ ਮਿਲਣ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ, 14 ਜੂਨ ਤੋਂ ਪੰਜਾਬ ‘ਚ ਤੁਫ਼ਾਨ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਨਾਲ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। 13 ਜੂਨ ਤੱਕ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 14 ਜੂਨ ਨੂੰ ਰਾਹਤ ਮਿਲ ਸਕਦੀ ਹੈ।

ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ

ਅੰਮ੍ਰਿਤਸਰ- ਆਸਮਾਨ ਪੂਰੀ ਤਰ੍ਹਾਂ ਸਾਫ਼ ਰਹੇਗਾ ਤੇ ਤੇਜ਼ ਧੁੱਪ ਨਿਕਲੇਗੀ। ਤਾਪਮਾਨ 29 ਤੋਂ 45 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ।
ਜਲੰਧਰ- ਆਸਮਾਨ ਪੂਰੀ ਤਰ੍ਹਾਂ ਸਾਫ਼ ਰਹੇਗਾ ਤੇ ਤੇਜ਼ ਧੁੱਪ ਨਿਕਲੇਗੀ। ਤਾਪਮਾਨ 27 ਤੋਂ 43 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ।
ਲੁਧਿਆਣਾ- ਆਸਮਾਨ ਸਾਫ਼ ਰਹੇਗਾ, ਧੁੱਪ ਨਿਕਲੇਗੀ। ਤਾਪਮਾਨ 27 ਤੋਂ 44 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਪਟਿਆਲਾ- ਆਸਮਾਨ ਸਾਫ਼ ਰਹੇਗਾ ਤੇ ਧੁੱਪ ਨਿਕਲੇਗੀ। ਤਾਪਮਾਨ 27 ਤੋਂ 44 ਡਿਗਰੀ ਰਹਿਣ ਦੀ ਸੰਭਾਵਨਾ।
ਮੋਹਾਲੀ- ਆਸਮਾਨ ਸਾਫ਼ ਰਹੇਗਾ, ਤੇਜ਼ ਧੁੱਪ ਨਿਕਲੇਗੀ। ਤਾਪਮਾਨ 29 ਤੋਂ 42 ਡਿਗਰੀ ਰਹਿਣ ਦੀ ਸੰਭਾਵਨਾ।

ਲੂ ਤੋਂ ਬਚਣ ਦੇ ਤਰੀਕੇ

ਜਿੱਥੋਂ ਤੱਕ ਹੋ ਸਕੇ, ਦੁਪਹਿਰ ਦੇ ਸਮੇਂ ਘਰ ਦੇ ਅੰਦਰ ਰਹੋ। ਜੇ ਬਾਹਰ ਜਾਣਾ ਜ਼ਰੂਰੀ ਹੋਵੇ, ਤਾਂ ਛਾਂ ਵਾਲੇ ਰਸਤੇ ਵਰਤੋ।
ਜੇ ਤੁਹਾਨੂੰ ਕੰਮ ਕਰਨਾ ਪਵੇ, ਤਾਂ ਸਵੇਰੇ ਜਲਦੀ ਜਾਂ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਜਿਹਾ ਕਰਨ ਦੀ ਕੋਸ਼ਿਸ਼ ਕਰੋ, ਤਾਂ ਜੋ ਸਿੱਧੀ ਧੁੱਪ ਤੋਂ ਬਚਿਆ ਜਾ ਸਕੇ।
ਗਰਮੀਆਂ ਵਿੱਚ ਸੂਤੀ, ਹਲਕੇ ਰੰਗ ਦੇ ਅਤੇ ਢਿੱਲੇ ਕੱਪੜੇ ਪਾਉਣੇ ਚਾਹੀਦੇ ਹਨ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਪਸੀਨਾ ਵੀ ਜਲਦੀ ਸੁੱਕ ਜਾਂਦਾ ਹੈ।
ਬਾਹਰ ਜਾਂਦੇ ਸਮੇਂ ਛੱਤਰੀ, ਟੋਪੀ ਜਾਂ ਪਰਨੇ ਦੀ ਵਰਤੋਂ ਕਰੋ। ਇਹ ਸਿਰ ‘ਤੇ ਸਿੱਧੀ ਧੁੱਪ ਤੋਂ ਬਚਾਉਂਦਾ ਹੈ।
ਗਰਮੀਆਂ ਵਿੱਚ, ਸਰੀਰ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਜਿੰਨਾ ਹੋ ਸਕੇ ਪਾਣੀ ਪੀਓ। ਪਾਣੀ, ਨਿੰਬੂ ਪਾਣੀ, ਲੱਸੀ ਵਰਗੀਆਂ ਤਰਲ ਚੀਜ਼ਾਂ ਪੀਂਦੇ ਰਹੋ।
ਗਰਮੀਆਂ ਵਿੱਚ ਤਰਬੂਜ, ਖੀਰਾ, ਖਰਬੂਜਾ ਵਰਗੇ ਮੌਸਮੀ ਫ਼ਲ ਜ਼ਿਆਦਾ ਖਾਓ। ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਰੀਰ ਨੂੰ ਠੰਡਾ ਰੱਖਦੀ ਹੈ।

LEAVE A REPLY

Please enter your comment!
Please enter your name here