ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਭਲਕੇ ਮਨਾਇਆ ਜਾਵੇਗਾ: ਸਿਵਲ ਸਰਜਨ
ਹੁਸ਼ਿਆਰਪੁਰ 27 ਨਵੰਬਰ (ਨੀਰਜ ਸਹੋਤਾ ਅਤੇ ਧਰਮਵੀਰ ਸਿੰਘ )ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 28 ਨਵੰਬਰ ਨੂੰ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ (ਨੈਸ਼ਨਲ ਡੀਵਾਰਮਿੰਗ ਡੇਅ) ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਿਵਲ ਸ਼ਰਜਨ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਦੀ ਅਗਵਾਈ ਵਿੱਚ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਨੇ ਦੱਸਿਆ ਕਿ 28 ਨਵੰਬਰ ਨੂੰ ਜ਼ਿਲਾ ਹੁਸ਼ਿਆਰਪੁਰ ਵਿੱਚ 1 ਤੋਂ 19 ਸਾਲ ਤੱਕ ਦੇ ਤਕਰੀਬਨ 346062 ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਲਈ ਐਲਬੈਂਡਾਜੋਲ ਦੀ ਗੋਲੀ ਖਵਾਈ ਜਾਣੀ ਹੈ। ਜਿਹੜੇ ਬੱਚੇ ਕਿਸੇ ਕਾਰਨ ਗੋਲੀ ਖਾਣ ਤੋਂ ਵਾਂਝੇ ਰਹਿ ਗਏ, ਉਹਨਾਂ ਨੂੰ 5 ਦਸੰਬਰ 2024 ਨੂੰ ਮੌਪ ਅਪ ਡੇਅ ਵਾਲੇ ਦਿਨ ਇਹ ਗੋਲੀ ਖਵਾਈ ਜਾਵੇਗੀ। ਜ਼ਿਲੇ ਦੇ 1 ਤੋਂ 19 ਸਾਲ ਤੱਕ ਦੇ ਸਾਰੇ ਬੱਚੇ ਜੋ ਸਰਕਾਰੀ, ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਕਾਲਜਾਂ ਆਂਗਣਵਾੜੀ ਸੈਂਟਰਾਂ ਵਿੱਚ ਦਰਜ ਹਨ ਅਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਵੀ ਇਹ ਗੋਲੀ ਖਵਾਈ ਜਾਵੇਗੀ।






































