Home Desh ਪਿਤਾ ਦੀ ਪ੍ਰੇਰਨਾ ਤੋਂ ਮਿਲਿਆ ਹੌਸਲਾ, ਗੁਰਸਿਮਰਨਜੀਤ ਕੌਰ ਨੇ PCS ਅਫ਼ਸਰ ਬਣ...

ਪਿਤਾ ਦੀ ਪ੍ਰੇਰਨਾ ਤੋਂ ਮਿਲਿਆ ਹੌਸਲਾ, ਗੁਰਸਿਮਰਨਜੀਤ ਕੌਰ ਨੇ PCS ਅਫ਼ਸਰ ਬਣ ਕੇ ਸੁਪਨਾ ਕੀਤਾ ਪੂਰਾ

126
0

PCS ਗੁਰਸਿਮਰਨਜੀਤ ਕੌਰ ਨੇ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਹ ਹੁਸ਼ਿਆਰਪੁਰ ਦੇ ਪਿੰਡ ਡੰਡਿਆਣਾ ਖੁਰਦ ਦੇ ਰਹਿਣ ਵਾਲੇ ਹਨ।

 ਇਕ ਅਫਸਰ ਬਣ ਕੇ ਲੋਕ ਸੇਵਾ ਦੇ ਕਾਰਜ ਕਰਨ ਦਾ ਸੁਪਨਾ ਪੀਸੀਐੱਸ ਗੁਰਸਿਮਰਨਜੀਤ ਕੌਰ ਨੇ ਬਚਪਨ ਤੋਂ ਹੀ ਦੇਖਿਆ ਸੀ। ਦ੍ਰਿੜਤਾ ਤੇ ਲਗਨ ਨਾਲ ਚੁਣੌਤੀਆਂ ਭਰਿਆ ਸਫਰ ਤੈਅ ਕਰਦਿਆਂ ਆਪਣੀ ਸਖਤ ਮਿਹਨਤ ਨਾਲ ਇਹ ਸੁਪਨਾ ਉਨ੍ਹਾਂ ਪੂਰਾ ਕੀਤਾ। ਮੌਜੂਦਾ ਸਮੇਂ ਪੀਸੀਐੱਸ ਗੁਰਸਿਮਰਨਜੀਤ ਕੌਰ ਅੰਮ੍ਰਿਤਸਰ ਵਿਖੇ ਸਹਾਇਕ ਕਮਿਸ਼ਨਰ (ਜਨਰਲ) ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਦੇ ਨਾਲ ਹੀ ਉਹ ਹੁਣ ਪੀਸੀਐੱਸ ਕਰਨ ਦੇ ਚਾਹਵਾਨ ਲੜਕੇ-ਲੜਕੀਆਂ ਲਈ ਚਾਨਣ ਮੁਨਾਰਾ ਬਣ ਕੇ ਉਨ੍ਹਾਂ ਦਾ ਮਾਰਗਦਰਸ਼ਨ ਵੀ ਕਰਦੇ ਆ ਰਹੇ ਹਨ।

ਪੀਸੀਐੱਸ ਗੁਰਸਿਮਰਨਜੀਤ ਕੌਰ ਨੇ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਹ ਹੁਸ਼ਿਆਰਪੁਰ ਦੇ ਪਿੰਡ ਡੰਡਿਆਣਾ ਖੁਰਦ ਦੇ ਰਹਿਣ ਵਾਲੇ ਹਨ। ਪਿਤਾ ਭਰਪੂਰ ਸਿੰਘ ਤੇ ਮਾਂ ਜਸਮਿੰਦਰ ਕੌਰ ਦੇ ਵਿਹੜੇ ਦੀ ਰੌਣਕ ਗੁਰਸਿਮਰਨਜੀਤ ਕੌਰ ਤਿੰਨ ਭੈਣਾਂ ‘ਚੋਂ ਸਭ ਤੋਂ ਵੱਡੇ ਹਨ। 12ਵੀਂ ਤਕ ਮੁੱਢਲੀ ਸਿੱਖਿਆ ਵੀ ਬਾਬਾ ਮੰਚ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਕੰਗਮਈ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਾਸਲ ਕੀਤੀ। 11ਵੀਂ ਤੇ 12ਵੀਂ ਕਲਾਸ ‘ਚ ਉਨ੍ਹਾਂ ਕੋਲ ਨਾਨ-ਮੈਡੀਕਲ ਸੀ। ਇਸ ਤੋਂ ਬਾਅਦ ਹਿਊਮੈਨਿਟੀਜ਼ ‘ਚ ਤਬਦੀਲ ਹੋਣਾ ਉਨ੍ਹਾਂ ਦਾ ਵੱਡਾ ਫੈਸਲਾ ਸੀ। ਗ੍ਰੈਜੂਏਸ਼ਨ ਐੱਮਸੀਐੱਮ ਡੀਏਵੀ ਕਾਲਜ ਚੰਡੀਗੜ੍ਹ ਤੋਂ ਕੀਤੀ ਜਦਕਿ ਪੋਸਟ ਗਰੈਜੂਏਸ਼ਨ (ਮਾਸਟਰਜ਼) ਦੀ ਸਿੱਖਿਆ ਹਾਸਲ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੁਕੰਮਲ ਕੀਤੀ।

2019 ‘ਚ ਯੂਪੀਐੱਸਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ, ਜਿਸ ਦੇ ਲਈ ਦਿੱਲੀ ਤੋਂ 9 ਮਹੀਨੇ ਕੋਚਿੰਗ ਹਾਸਲ ਕੀਤੀ। ਦਿੱਲੀ ਤੋਂ ਵਾਪਸ ਆ ਕੇ 2020 ‘ਚ ਯੂਪੀਐੱਸਸੀ ਦਾ ਪਹਿਲਾ ਅਟੈਂਪਟ ਯੂਪੀਐੱਸਸੀ ਦਾ ਦਿੱਤਾ ਸੀ, ਪਰ ਕਲੀਅਰ ਨਹੀਂ ਹੋ ਸਕਿਆ। ਪਿਤਾ ਭਰਪੂਰ ਸਿੰਘ ਦੀ ਪ੍ਰੇਰਨਾ ਸਦਕਾ ਉਨ੍ਹਾਂ ਹੌਸਲਾ ਨਾ ਹਾਰਿਆ ਤੇ ਮੁੜ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਜੁਟ ਗਏ। ਇਸੇ ਦੌਰਾਨ ਪੀਸੀਐੱਸ ਨੋਟੀਫਿਕੇਸ਼ਨ ਆ ਗਿਆ। ਉਨ੍ਹਾਂ 2021 ਫਰਵਰੀ ‘ਚ ਇਹ ਇਮਤਿਹਾਨ ਦਿੱਤਾ। 2021 ਜੁਲਾਈ ‘ਚ ਨਤੀਜਾ ਆਇਆ ਤੇ ਤਿੰਨੇ ਸਟੇਜ ਅਤੇ ਡੀਐੱਸਪੀ ਦਾ ਫਿਜ਼ੀਕਲ ਵੀ ਕਲੀਅਰ ਕਰ ਲਿਆ। ਪੂਰੇ ਪੰਜਾਬ ‘ਚ ਉਨ੍ਹਾਂ ਛੇਵਾਂ ਰੈਂਕ ਹਾਸਲ ਕੀਤਾ ਤੇ ਪੀਸੀਐੱਸ ਐਗਜ਼ੈਕਟਿਵ ਦੀ ਸੀਟ ਮਿਲ ਗਈ ਕਿੁੳਂਕਿ ਉਨ੍ਹਾਂ ਯੂਪੀਐੱਸਸੀ ਦੀ ਤਿਆਰੀ ਕੀਤੀ ਹੋਈ ਸੀ, ਇਸ ਲਈ ਪੀਐੱਸਸੀ ਦੀ ਤਿਆਰੀ ਕਰਨ ਲਈ। ਉਨ੍ਹਾਂ ਨੂੰ ਕੋਈ ਬਹੁਤੀ ਮੁਸ਼ਕਿਲ ਨਹੀਂ ਆਈ। ਪੀਸੀਐੱਸ ਦੀ ਤਿਆਰੀ ਉਨ੍ਹਾਂ ਖੁਦ ਹੀ ਕੀਤੀ। ਇਮਤਿਹਾਨ ਪਾਸ ਕਰਨ ਤੋਂ ਬਾਅਦ ਇੰਟਰਵਿਊ ਹੋਈ ਅਤੇ 2022 ਜਨਵਰੀ ਵਿਚ ਪਹਿਲੀ ਪੋਸਟਿੰਗ ਜਲੰਧਰ ਵਿਖੇ ਬਤੌਰ ਸਹਾਇਕ ਕਮਿਸ਼ਨਰ (ਜਨਰਲ) ਵਜੋਂ ਹੋਈ। ਤਕਰੀਬਨ 10 ਮਹੀਨੇ ਬਾਅਦ ਉਨ੍ਹਾਂ ਦੀ ਬਦਲੀ ਅੰਮ੍ਰਿਤਸਰ ਗੁਰੂ ਨਗਰੀ ਵਿਖੇ ਹੋਈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਕਾਮ ਤੱਕ ਪਹੁੰਚਣ ਦਾ ਟੀਚਾ ਧਾਰ ਲਈਏ ਤਾਂ ਮੰਜਿਲ ਜ਼ਰੂਰ ਹਾਸਲ ਕੀਤੀ ਜਾ ਸਕਦੀ ਹੈ। ਆਪਣੇ ਟੀਚੇ ਤੋਂ ਮੁੜ ਕੇ ਨਹੀਂ ਦੇਖਣਾ ਚਾਹੀਦਾ। ਪਿੰਡ ਡੰਡਿਆਣਾ ਖੁਰਦ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਵਾਲੀ ਗੁਰਸਿਮਰਨਜੀਤ ਰੈੱਡਕ੍ਰਾਸ ਸੁਸਾਇਟੀ ਦੇ ਆਨਰੇਰੀ ਸਕੱਤਰ ਵੀ ਹਨ। ਬੀਤੇ ਸਮੇਂ ਹੋਈਆਂ ਲੋਕ ਸਭਾ ਚੋਣਾਂ ਵਿਚ ਸਹਾਇਕ ਰਿਟਰਨਿੰਗ ਅਫਸਰ ਵਜੋਂ ਵੀ ਡਿਊਟੀ ਨਿਭਾਈ। ਪੰਜਾਬ ਸਰਕਾਰ ਵਲੋਂ 78ਵੇਂ ਅਜਾਦੀ ਦਿਹਾੜੇ ਮੌਕੇ ਕਰਵਾਏ ਗਏ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਜਸਵਿੰਦਰ ਸਿੰਘ ਰਮਦਾਸ ਅਤੇ ਸਾਬਕਾ ਡੀਸੀ ਘਨਸ਼ਾਮ ਥੋਰੀ ਵਲੋਂ ਵਧੀਆ ਸੇਵਾਵਾਂ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਪੀਸੀਐੱਸ ਗੁਰਸਿਮਰਨਜੀਤ ਕੌਰ ਨੇ ਕਿਹਾ ਕਿ ਉਹ ਆਪਣੀ ਸਫਲਤਾ ਦੀ ਵੱਡੀ ਪ੍ਰੇਰਣਾ ਆਪਣੇ ਮਾਤਾ-ਪਿਤਾ ਨੂੰ ਮੰਨਦੇ ਹਨ। ਉਨ੍ਹਾਂ ਵਲੋਂ ਹਮੇਸ਼ਾਂ ਸਹੀ ਤਰੀਕੇ ਨਾਲ ਗਾਈਡ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਆਪਣੇ ਜੀਵਨ ਵਿਚ ਨਿਰਧਾਰਿਤ ਕੀਤੇ ਲਕਸ਼ ’ਤੇ ਫੋਕਸ ਕਰਨਾ ਚਾਹੀਦਾ ਹੈ ਅਤੇ ਇਧਰ-ਉਧਰ ਭਟਕਣ ਦੀ ਬਜਾਏ ਆਪਣੀ ਮਿਹਨਤ ਤੇ ਲਗਨ ਨਾਲ ਮੰਜਿਲ ਨੂੰ ਪਾਉਣ ਦੀ ਚਾਹਤ ਮਨ ਵਿਚ ਸੰਜੋਏ ਅੱਗੇ ਵਧਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਗੁਰਸਿਮਰਨਜੀਤ ਕੌਰ ਵਾਤਾਵਰਨ ਪ੍ਰੇਮੀ ਵੀ ਹੈ ਅਤੇ ਉਨ੍ਹਾਂ ਆਪਣੀ ਰਿਹਾਇਸ਼ ਵਿਖੇ ਇਕ ਛੋਟਾ ਜਿਹਾ ਗ੍ਰੀਨ ਗਾਰਡਨ ਵੀ ਬਣਾਇਆ ਹੈ ਅਤੇ ਉਥੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਹਨ, ਜਿਨ੍ਹਾਂ ਦੀ ਦੇਖ-ਰੇਖ ਉਹ ਆਪਣੇ ਧਿਆਨ ਹੇਠ ਖੁਦ ਕਰਦੇ ਹਨ। ਇਨ੍ਹਾਂ ਵਿਚ ਕੁਝ ਵੱਡੇ ਦਰੱਖਤਾਂ ’ਤੇ ਪੰਛੀਆਂ ਲਈ ਉਨ੍ਹਾਂ ਬਨਾਵਟੀ ਘੋਸਲੇ ਵੀ ਬਣਾਏ ਹੋਏ ਹਨ।

ਮਾਂ ਬੋਲੀ ਨਾਲ ਪਿਆਰ ਤੇ ਸਾਹਿਤ ਪੜਨ ਦਾ ਸ਼ੌਂਕ

ਪੀਸੀਐੱਸ ਗੁਰਸਿਮਰਨਜੀਤ ਕੌਰ ਨੂੰ ਪੰਜਾਬੀ ਮਾਂ ਬੋਲੀ ਨਾਲ ਬੇਹੱਦ ਪਿਆਰ ਹੈ। ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਪੰਜਾਬੀ ਮਾਂ ਬੋਲੀ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਹ ਪੰਜਾਬੀ ਸਾਹਿਤ ਪੜ੍ਹਨ ਦਾ ਵੀ ਬਹੁਤ ਸ਼ੌਂਕ ਹੈ। ਉਨ੍ਹਾਂ ਨੂੰ ਕਿਤਾਬਾਂ ਨਾਲ ਬੇਹੱਦ ਮੋਹ ਹੈ ਅਤੇ ਇਸੇ ਕਰਕੇ ਉਹ ਅਕਸਰ ਆਪਣੇ ਦਫਤਰ ਵਿਚ ਵੀ ਕੁਝ ਕਿਤਾਬਾਂ ਨਾਲ ਹੀ ਰੱਖਦੇ ਹਨ ਅਤੇ ਜਦ ਵੀ ਉਨ੍ਹਾਂ ਨੂੰ ਕੁਝ ਸਮਾਂ ਮਿਲਦਾ ਹੈ ਤਾਂ ਉਹ ਕਿਤਾਬਾਂ ਪੜ੍ਹਦੇ ਹਨ। ਦਫਤਰੀ ਡਿਊਟੀ ਤੋਂ ਬਾਅਦ ਘਰ ਵਿਚ ਵੀ ਪੰਜਾਬੀ ਸਾਹਿਤ ਪੜ੍ਹਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਿਤਾਬਾਂ ਨੂੰ ਆਪਣਾ ਦੋਸਤ ਬਣਾਓ, ਇਹ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ।

 

 

 

 

 

ਪੇਂਟਿੰਗ ਆਰਟਿਸਟ ਤੇ ਲੇਖਕ ਵੀ ਹਨ ਗੁਰਸਿਮਰਨਜੀਤ

 

 

ਸਹਾਇਕ ਕਮਿਸ਼ਨਰ (ਜਨਰਲ) ਗੁਰਸਿਮਰਨਜੀਤ ਕੌਰ ਬਹੁਤ ਵਧੀਆ ਪੇਂਟਿੰਗ ਆਰਟਿਸਟ ਵੀ ਹਨ। ਉਹ ਐਕਰੇਲਿੰਗ ਕਲਰ ਜਰੀਏ ਕੁਦਰਤ ਦੇ ਮਨਮੋਹਕ ਦ੍ਰਿਸ਼ਾਂ ਨੂੰ ਆਪਣੀ ਕਲਾ ਜਰੀਏ ਪੇਂਟਿੰਗ ਦੇ ਰੂਪ ਵਿਚ ਨਿਖਾਰਦੇ ਹਨ। ਸਾਬਕਾ ਡੀਸੀ ਘਨਸ਼ਾਮ ਥੋਰੀ ਨੂੰ ਵੀ ਉਨ੍ਹਾਂ ਦੀ ਵਿਦਾਈ ਮੌਕੇ ਉਨ੍ਹਾਂ ਵਲੋਂ ਬਣਾਈ ਪੇਂਟਿੰਗ ਭੇਂਟ ਕੀਤੀ ਸੀ। ਗੁਰਸਿਮਰਨਜੀਤ ਇਕ ਬਹੁਤ ਵਧੀਆ ਲੇਖਕ ਵੀ ਹਨ। ਉਨ੍ਹਾਂ ਵਲੋਂ ਪੋਇਮਜ਼ ਦੀ ਇਕ ਕਿਤਾਬ ਵੀ ਲਿਖੀ ਗਈ ਹੈ, ਜੋ ਲਗਪਗ ਮੁਕੰਮਲ ਹੋ ਚੁੱਕੀ ਹੈ ਅਤੇ ਜਲਦ ਹੀ ਇਸ ਕਿਤਾਬ ਨੂੰ ਰਿਲੀਜ਼ ਕੀਤਾ ਜਾਵੇਗਾ। ਗੁਰਸਿਮਰਨਜੀਤ ਕੌਰ ਰੋਜ਼ਾਨਾ ਫਿਟਨੈੱਸ ਤੇ ਸਿਹਤਮੰਦ ਰਹਿਣ ਲਈ ਜਿੰਮ ‘ਚ ਕਸਰਤ ਤੇ ਸੈਰ ਕਰਦੇ ਹਨ। ਉਹ ਕੁਝ ਸਮਾਂ ਟੈਬਿਲ ਟੈਨਿਸ ਵੀ ਖੇਡਦੇ ਹਨ।

LEAVE A REPLY

Please enter your comment!
Please enter your name here