Home Desh Punjab ਵਿੱਚ 6 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਕਈ ਇਲਾਕਿਆਂ ‘ਚ ਸੰਘਣੀ...

Punjab ਵਿੱਚ 6 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਕਈ ਇਲਾਕਿਆਂ ‘ਚ ਸੰਘਣੀ ਧੁੰਦ ਦਾ ਕਹਿਰ

1
0

ਮੌਸਮ ਵਿੱਚ ਆਏ ਬਦਲਾਅ ਕਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 8.9 ਡਿਗਰੀ ਦੀ ਗਿਰਾਵਟ ਦਰਜ਼ ਕੀਤੀ ਗਈ ਹੈ।

ਪਹਾੜੀ ਇਲਾਕਿਆਂ ਵਿੱਚ ਪੈ ਰਹੀ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਵਿੱਚ ਸਾਫ ਸਾਫ ਦਿਖਾਈ ਦੇ ਰਿਹਾ ਹੈ। ਮੌਸਮ ਵਿਭਾਗ ਵੱਲੋਂ ਲਗਾਤਾਰ ਦੋ ਦਿਨ ਯਾਨੀ ਅੱਜ ਅਤੇ ਕੱਲ੍ਹ 16 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਨ੍ਹਾਂ ਵਿੱਚੋਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਅਤੇ ਐਸਐਐਸ ਨਗਰ (ਮੋਹਾਲੀ) ਸ਼ਾਮਲ ਹੈ।
ਉਥੇ ਹੀ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਸਣੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿੱਚ ਆਏ ਬਦਲਾਅ ਕਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 8.9 ਡਿਗਰੀ ਦੀ ਗਿਰਾਵਟ ਦਰਜ਼ ਕੀਤੀ ਗਈ ਹੈ। ਇਹ ਆਮ ਨਾਲੋਂ 4.1 ਡਿਗਰੀ ਘੱਟ ਹੋ ਗਿਆ ਹੈ। 24 ਘੰਟਿਆਂ ਵਿੱਚ ਸਾਰਿਆਂ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਤੋਂ ਲੈ ਕੇ 20.2 ਡਿਗਰੀ ਤੱਕ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 8.5 ਡਿਗਰੀ ਤੋਂ ਲੈ ਕੇ 14.5 ਡਿਗਰੀ ਰਿਕਾਰਡ ਕੀਤਾ ਗਿਆ ਹੈ। ਸਭ ਤੋਂ ਘੱਟ ਤਾਪਮਾਨ 8.5 ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ ਹੈ।
ਬੀਤੇ ਦਿਨ ਸ਼ੁਕਰਵਾਰ ਨੂੰ ਹੋਏ ਮੀਂਹ ਅਤੇ ਝੱਖੜ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਕਾਫੀ ਨੁਕਸਾਨ ਹੋਇਆ। ਜਿਥੇ ਖੰਬੇ ਤੋਂ ਕਰੰਟ ਲੱਗਣ ਕਾਰਨ ਕਰਤਾਰਪੁਰ ਮੁਹੱਲਾ ਦੇ ਇੱਕ 18 ਸਾਲ ਨੌਜਵਾਨ ਦੀ ਮੌਤ ਹੋ ਗਈ। ਕਈ ਥਾਵਾਂ ‘ਤੇ ਛੱਤਾਂ ਡਿੱਗ ਗਈਆਂ। ਗੁਰਦਾਸਪੁਰ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ ਪੋਲਟਰੀ ਫਾਰਮ ਦੇ 8 ਹਜ਼ਾਰ ਤੋਂ ਵੱਧ ਚੂਚਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਗੱਡੀਆਂ ਦੇ ਦਰੱਖਤਾਂ ਦੇ ਨਾਲ ਬਿਜਲੀ ਦੇ ਖੰਬੇ ਵੀ ਡਿੱਗ ਗਏ। ਚੰਡੀਗੜ੍ਹ ਵਿੱਚ ਇੱਕ ਘਰ ਡਿੱਗਣ ਕਾਰਨ ਤਿੰਨ ਬੱਚੇ ਜ਼ਖ਼ਮੀ ਹੋ ਗਏ।

26 ਜਨਵਰੀ ਤੋਂ ਫਿਰ ਬਦਲੇਗਾ ਮੌਸਮ

ਮੌਸਮ ਵਿਭਾਗ ਮੁਤਾਬਕ, ਇਸ ਸਮੇਂ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਨਮੀ ਪਾਕਿਸਤਾਨ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੱਕ ਪਹੁੰਚ ਰਹੀ ਹੈ। ਜਿਸ ਕਾਰਨ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ। ਇਸ ਵਜ੍ਹਾ ਨਾਲ ਬੀਤੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਸਮੇਂ ਪੱਛਮੀ ਗੜਬੜੀ ਦਾ ਪ੍ਰਭਾਵ ਅਜੇ ਵੀ ਮੌਜੂਦ ਹੈ। ਪਾਕਿਸਤਾਨ ਦੇ ਆਲੇ-ਦੁਆਲੇ ਇੱਕ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ। ਜਿਸ ਕਾਰਨ ਮੌਸਮ ਵਿੱਚ ਬਦਲਾਅ ਹੋ ਰਿਹਾ ਹੈ। 26 ਜਨਵਰੀ 2026 ਤੋਂ ਉੱਤਰ- ਪੱਛਮੀ ਭਾਰਤ ਵਿੱਚ ਇੱਕ ਨਵਾਂ ਪੱਛਮੀ ਗੜਬੜੀ ਆਉਣ ਦੀ ਸੰਭਾਵਨਾ ਹੈ। ਜਿਸ ਨਾਲ ਠੰਡ, ਮੀਂਹ ਅਤੇ ਸੰਘਣੀ ਧੁੰਦ ਵਿੱਚ ਵਾਧਾ ਹੋ ਸਕਦਾ ਹੈ।

ਗੁਰਦਾਸਪੁਰ ਵਿੱਚ ਪਿਆ ਸਭ ਤੋਂ ਮੀਂਹ

ਪੰਜਾਬ ਵਿੱਚ ਇਸ ਮਹੀਨੇ ਹੁਣ ਤੱਕ ਔਸਤ ਨਾਲੋਂ 18 ਫੀਸਦ ਵੱਧ ਬਾਰਿਸ਼ ਹੋ ਚੁੱਕੀ ਹੈ। ਇਸ ਦੌਰਾਨ ਗੁਰਦਾਸਪੁਰ ਵਿੱਚ 40.3 ਮਿਲੀਮੀਟਰ, ਜਲੰਧਰ ਵਿੱਚ 23 ਮਿਲੀਮੀਟਰ, ਅੰਮ੍ਰਿਤਸਰ ਵਿੱਚ 19.8 ਮਿਲੀਮੀਟਰ ਅਤੇ ਕਪੂਰਥਲਾ ਵਿੱਚ 13 ਮਿਲੀਮਿਟਰ ਬਾਰਿਸ਼ ਹੋਈ ਹੈ। ਉੱਥੇ ਹੀ ਮੋਗਾ ਵਿੱਚ 13. 2 ਮਿਲੀਮੀਟਰ, ਸੰਗਰੂਰ ਵਿੱਚ 21.2 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 4 ਮਿਲੀਮੀਟਰ, ਫਿਰੋਜ਼ਪੁਰ ਵਿੱਚ 2.8 ਮਿਲੀਮੀਟਰ ਅਤੇ ਫਾਜ਼ਿਲਕਾ ਵਿੱਚ 2.8 ਮਿਲੀਮੀਟਰ ਮੀਂਹ ਦਰਜ ਕੀਤੀ ਗਈ ਹੈ।

ਤਾਪਮਾਨ ਵੱਧਣ ਦੀ ਸੰਭਾਵਨਾ

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਦੇ ਦੱਸਿਆ ਕਿ ਅੱਜ ਅਤੇ 26 ਤਾਰੀਖ਼ ਨੂੰ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਉਮੀਦ ਹੈ। ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ 27 ਤਾਰੀਖ਼ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 28 ਤਾਰੀਖ਼ ਨੂੰ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਅਗਲੇ 48 ਘੰਟਿਆਂ ਵਿੱਚ ਰਾਤ ਨੂੰ ਤਾਪਮਾਨ ਵਿੱਚ 3 ਤੋਂ 5 ਡਿਗਰੀ ਵਾਧਾ ਹੋ ਸਕਦਾ ਹੈ। ਇਸ ਤੋਂ ਬਾਅਦ ਅਗਲੇ 48 ਘੰਟਿਆਂ ਵਿੱਚ ਤਾਪਮਾਨ 2 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ ਅਤੇ ਫਿਰ ਹੌਲੀ- ਹੌਲੀ ਮੁੜ ਵਧੇਗਾ।

LEAVE A REPLY

Please enter your comment!
Please enter your name here