ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੱਜਨ ਕੁਮਾਰ ਨੂੰ ਬਰੀ ਕਰਕੇ ਅਦਾਲਤ ਨੇ ਮੋਦੀ ਸਾਬ੍ਹ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਦੀ ਪੋਲ ਖੋਲ੍ਹ ਦਿੱਤੀ ਹੈ।
ਬੀਤੇ ਦਿਨ, ਵੀਰਵਾਰ (22 ਜਨਵਰੀ) ਨੂੰ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ। ਇਸ ਮਾਮਲੇ ਚ ਰਾਜਧਾਨੀ ਦੇ ਜਨਕਪੁਰੀ ਤੇ ਵਿਕਾਸਪੁਰੀ ਖੇਤਰਾਂ ਚ ਹਿੰਸਾ ਭੜਕਾਉਣ ਦੇ ਦੋਸ਼ ਸ਼ਾਮਲ ਸਨ। ਇਸ ਮਾਮਲੇ ‘ਚ ਪੀੜਤ ਪਰਿਵਾਰ ਅਦਾਲਤ ਦੇ ਫੈਸਲੇ ਤੋਂ ਬਹੁਤ ਨਿਰਾਸ਼ ਤੇ ਅਸੰਤੁਸ਼ਟ ਹਨ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈ ਤੇ ਉਹ ਹਾਈ ਕੋਰਟ ਚ ਫੈਸਲੇ ਵਿਰੁੱਧ ਅਪੀਲ ਕਰਨਗੇ। ਉੱਥੇ ਹੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਨੂੰ ਇੱਕ ਵੱਡਾ ਗੁਨਾਹ ਕਿਹਾ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੱਜਨ ਕੁਮਾਰ ਨੂੰ ਬਰੀ ਕਰਕੇ ਅਦਾਲਤ ਨੇ ਮੋਦੀ ਸਾਬ੍ਹ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇੰਨਾ ਵੱਡਾ ਧੱਕਾ ਸਿੱਖਾਂ ਦੇ ਖਿਲਾਫ ਤੇ ਇਨਸਾਨੀਅਤ ਦੇ ਖਿਲਾਫ਼ ਹੋਇਆ ਹੋਵੇ ਤੇ ਜਿਸ ਬੰਦੇ ਦੇ ਇਸ਼ਾਰੇ ‘ਤੇ ਹੋਇਆ ਹੋਵੇ, ਉਸ ਬੰਦੇ ਨੂੰ ਬਰੀ ਕਰਨਾ ਇਹ ਵੀ ਇੱਕ ਵੱਡਾ ਗੁਨਾਹ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਫਿਰ ਇੱਕ ਵੱਡਾ ਦਰੱਖਤ ਹਿਲਦਾ ਹੈ ਤੇ ਜਲਜਲਾ ਆਉਂਦਾ ਹੈ, ਉਹ ਕਹਿਣ ਵਾਲੇ ਰਾਜੀਵ ਗਾਂਧੀ ਦੀ ਮਾਨਸਿਕਤਾ ਦੀ ਯਾਦ ਆਉਂਦੀ, ਉਹ ਧੱਕਾ ਯਾਦ ਆਉਂਦਾ ਹੈ। ਨਿਰਦੋਸ਼ ਲੋਕਾਂ ਦੀ ਕਤਲੇਆਮ ਦੀ ਕਹਾਣੀ ਯਾਦ ਆਉਂਦੀ ਹੈ।
ਸਪੀਕਰ ਸੰਧਵਾਂ ਨੇ ਕਾਂਗਰਸ ਨੂੰ ਨਸੀਹਤ ਦਿੰਦੇ ਹੋਏ ਕਿਹਾ ਪ੍ਰਧਾਨਗੀਆਂ ਦੇ ਖ਼ਾਤਰ ਤੇ ਮੁੱਖ ਮੰਤਰੀ ਦੀ ਕੁਰਸੀ ਖ਼ਾਤਰ ਲੜਨ ਵਾਲੇ ਪੰਜਾਬ ਕਾਂਗਰਸ ਦੇ ਸਾਰੇ ਲੀਡਰਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਕੱਠੇ ਹੋ ਜਾਵੋ ਆਪਣੀ ਜ਼ਮੀਰ ਨੂੰ ਜਗਾਓ ਇਨਸਾਫ਼ ਦੀ ਮੰਗ ਕਰੋ ਤੇ ਇਸ ਤਰ੍ਹਾਂ ਦਾ ਲੀਡਰਾਂ ਨੂੰ ਪਾਰਟੀ ‘ਚੋਂ ਬਾਹਰ ਕੱਢੋ। ਉਨ੍ਹਾਂ ਨੇ ਕਿਹਾ ਕਿ 1984 ਸਿੱਖ ਕਤਲੇਆਮ ਦੇ ਜ਼ਖ਼ਮ ਅੱਲੇ ਹਨ ਤੇ ਇਹ ਕਦੇ ਵੀ ਨਹੀਂ ਭਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਜ਼ਖ਼ਮ ਭਰਨ ਲਈ ਜੋ ਮੱਲ੍ਹਮ ਭਾਜਪਾ ਨੇ ਲਗਾਈ, ਉਹ ਵੀ ਪਤਾ ਲੱਗ ਗਈ ਹੈ।
ਜਨਕਪੁਰੀ-ਵਿਕਾਸਪੁਰੀ ਹਿੰਸਾ ਮਾਮਲਾ
ਅਗਸਤ 2023 ਚ, ਦਿੱਲੀ ਦੀ ਇੱਕ ਅਦਾਲਤ ਨੇ ਜਨਕਪੁਰੀ ਤੇ ਵਿਕਾਸਪੁਰੀ ਖੇਤਰਾਂ ਚ ਵਾਪਰੀਆਂ ਘਟਨਾਵਾਂ ਦੇ ਸਬੰਧ ਚ ਕੁਮਾਰ ਵਿਰੁੱਧ ਦੰਗੇ ਕਰਨ ਤੇ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਗਾਏ ਸਨ, ਜਦੋਂ ਕਿ ਉਨ੍ਹਾਂ ਮਾਮਲਿਆਂ ਚ ਉਨ੍ਹਾਂ ਨੂੰ ਕਤਲ ਤੇ ਅਪਰਾਧਿਕ ਸਾਜ਼ਿਸ਼ ਤੋਂ ਬਰੀ ਕਰ ਦਿੱਤਾ ਸੀ।
ਇਹ ਮਾਮਲੇ ਫਰਵਰੀ 2015 ਚ ਵਿਸ਼ੇਸ਼ ਜਾਂਚ ਟੀਮ ਦੁਆਰਾ ਦਰਜ ਕੀਤੀਆਂ ਗਈਆਂ ਦੋ ਐਫਆਈਆਰਜ਼ ਨਾਲ ਸਬੰਧਤ ਹਨ। ਪਹਿਲੀ ਐਫਆਈਆਰ ਜਨਕਪੁਰੀ ਚ ਹੋਈ ਹਿੰਸਾ ਨਾਲ ਸਬੰਧਤ ਹੈ, ਜਿੱਥੇ ਸੋਹਣ ਸਿੰਘ ਤੇ ਉਸਦੇ ਜਵਾਈ ਅਵਤਾਰ ਸਿੰਘ ਦੀ 1 ਨਵੰਬਰ, 1984 ਨੂੰ ਹੱਤਿਆ ਕਰ ਦਿੱਤੀ ਗਈ ਸੀ। ਦੂਜੀ ਐਫਆਈਆਰ ਗੁਰਚਰਨ ਸਿੰਘ ਦੇ ਕਤਲ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਇੱਕ ਦਿਨ ਬਾਅਦ, 2 ਨਵੰਬਰ, 1984 ਨੂੰ ਵਿਕਾਸਪੁਰੀ ਚ ਕਥਿਤ ਤੌਰ ਤੇ ਅੱਗ ਲਗਾ ਦਿੱਤੀ ਗਈ ਸੀ।
ਸੱਜਣ ਕੁਮਾਰ ਜੇਲ੍ਹ ਚ ਰਹੇਗਾ
ਅੱਜ ਇੱਕ ਮਾਮਲੇ ਚ ਬਰੀ ਹੋਣ ਦੇ ਬਾਵਜੂਦ, ਸੱਜਣ ਕੁਮਾਰ ਜੇਲ੍ਹ ਤੋਂ ਰਿਹਾਅ ਨਹੀਂ ਹੋਵੇਗਾ। ਪਿਛਲੇ ਸਾਲ 25 ਫਰਵਰੀ ਨੂੰ, ਇੱਕ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ 1 ਨਵੰਬਰ, 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਖੇਤਰ ਚ ਹੋਏ ਦੰਗਿਆਂ ਦੌਰਾਨ ਜਸਵੰਤ ਸਿੰਘ ਤੇ ਉਸ ਦੇ ਪੁੱਤਰ ਤਰਨਦੀਪ ਸਿੰਘ ਦੇ ਕਤਲਾਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਫੈਸਲਾ ਸੁਣਾਇਆ ਕਿ ਹਾਲਾਂਕਿ ਦੋ ਨਿਰਦੋਸ਼ ਲੋਕ ਕਤਲਾਂ ਚ ਸ਼ਾਮਲ ਸਨ, ਪਰ ਇਹ ਮਾਮਲਾ ਮੌਤ ਦੀ ਸਜ਼ਾ ਲਈ ਦੁਰਲੱਭ ਤੋਂ ਦੁਰਲੱਭ ਸ਼੍ਰੇਣੀ ਚ ਨਹੀਂ ਆਉਂਦਾ।