ਪੁਲਿਸ ਨੇ ਮੌਕੇ ‘ਤੇ ਪਹੁੰਚ ਇਲਾਕਾ ਸੀਲ ਕਰ ਦਿੱਤਾ ਹੈ।
ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲ ਦੀ ਮਨੇਜਮੈਂਟ ਨੂੰ ਈ-ਮੇਲ ਜਰੀਏ ਇਹ ਧਮਕੀ ਭੇਜੀ ਗਈ ਸੀ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਤੁਰੰਤ ਅੰਮ੍ਰਿਤਸਰ ਪੁਲਿਸ ਨੂੰ ਸੁਚਿਤ ਕੀਤਾ। ਪੁਲਿਸ ਨੇ ਸਕੂਲ ਨੂੰ ਖਾਲੀ ਕਰਵਾ ਦਿੱਤਾ। ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਮੈਸੇਜ ਭੇਜਿਆ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾਣ। ਪੁਲਿਸ ਨੇ ਮੌਕੇ ‘ਤੇ ਪਹੁੰਚ ਇਲਾਕਾ ਸੀਲ ਕਰ ਦਿੱਤਾ ਹੈ। ਮੌਕੇ ‘ਤੇ ਬੰਬ ਨਿਰੋਧਕ ਟੀਮਾਂ ਤੇ ਫਾਇਰ ਬ੍ਰਿਗੇਡ ਬੁਲਾ ਲਈ ਗਈ ਹੈ। ਸਕੂਲ ਦੇ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਬੱਚਿਆਂ ਦੇ ਮਾਪੇ ਸਕੂਲ ਬਾਹਰ ਆਪਣੇ ਬੱਚਿਆਂ ਨੂੰ ਲੈਣ ਲਈ ਇਕੱਠੇ ਹੋ ਰਹੇ ਹਨ। ਪੁਲਿਸ ਟੀਮ ਇਸ ਦੌਰਾਨ ਸਕੂਲ ਅੰਦਰ ਜਾ ਕੇ ਸਾਰੇ ਕਲਾਸ ਰੂਮਾਂ ਦੀ ਤਲਾਸ਼ੀ ਲੈ ਰਹੀ ਹੈ। ਈ-ਮੇਲ ਦੀ ਜਾਂਚ ਕਰਨ ਲਈ ਇਸ ਨੂੰ ਸਾਈਬਰ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਧਮਕੀ ਕਿਸ ਸੰਗਠਨ ਜਾਂ ਕਿਸ ਵਿਅਕਤੀ ਨੇ ਦਿੱਤੀ ਹੈ, ਫਿਲਹਾਲ ਅਜੇ ਤੱਕ ਇਸ ਦਾ ਖੁਲਾਸਾ ਨਹੀਂ ਹੋ ਪਾਇਆ ਹੈ।