ਇਲਜ਼ਾਮਾਂ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਸੀ।
ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਡਾ. ਨਵਜੋਤ ਕੌਰ ਸਿੱਧੂ ਦੇ ‘500 ਕਰੋੜ ਵਾਲੇ ਅਟੈਚੀ‘ ਦੇ ਬਿਆਨ ‘ਤੇ ਰਾਜਨੀਤਿਕ ਤਣਾਅ ਸਿਖਰਾਂ ‘ਤੇ ਹੈ। ਨਵਜੋਤ ਕੌਰ ਸਿੱਧੂ ਲਗਾਤਾਰ ਕਾਂਗਰਸ ਦੇ ਵੱਡਿਆਂ ਲੀਡਰਾਂ ਨੂੰ ਟਾਰਗੇਟ ਕਰ ਰਹੇ ਹਨ। ਉਨ੍ਹਾਂ ਨੇ ਗੁਰਦਾਸਪੁਰ ਦੇ ਸਾਂਸਦ ਮੈਂਬਰ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਲਿੰਕ ਹੋਣ ਦਾ ਇਲਜ਼ਾਮ ਲਗਾਇਆ ਸੀ ਤੇ ਇਸ ਦੇ ਨਾਲ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਰਾਜਸਥਾਨ ‘ਚ ਪੈਸੇ ਲੈ ਕੇ ਟਿਕਟਾਂ ਵੇਚੀਆਂ।
ਹੁਣ ਮੇਰੀ ਪੱਗ ਤੇ ਅਣਖ ਦਾ ਸਵਾਲ: ਸੁਖਜਿੰਦਰ ਰੰਧਾਵਾ
ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਸੀ। ਹੁਣ, ਇਸ ਪੂਰੇ ਮਾਮਲੇ ‘ਤੇ ਰੰਧਾਵਾ ਦੀ ਪ੍ਰਤੀਕਿਰਿਆ ਵੀ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਹੁਣ ਉਨ੍ਹਾਂ ਦੀ ਪੱਗ ਦਾ ਸਵਾਲ ਹੈ ਤੇ ਉਨ੍ਹਾਂ ਦੀ ਅਣਖ ਦਾ ਸਵਾਲ ਹੈ। ਹੁਣ ਉਹ ਨਵਜੋਤ ਕੌਰ ਸਿੱਧੂ ਨੂੰ ਕੋਰਟ ‘ਚ ਲੈ ਕੇ ਜਾਣਗੇ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸੂਬੇ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਚੱਲ ਰਹੀਆਂ ਹਨ। ਨਵਜੋਤ ਕੌਰ ਨੇ ਇੱਕ ਬਿਆਨ ਦੇ ਕੇ ਸਾਰਾ ਨੈਰੇਟਿਵ ਹੀ ਬਦਲ ਦਿੱਤਾ। ਉਨ੍ਹਾਂ ਨੂੰ ਪੰਜਾਬ ਦੇ ਹਾਲਾਤਾਂ ‘ਤੇ ਬੋਲਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਤਾਂ ਕੁੱਝ ਹੋਰ ਹੀ ਕਰਨਾ ਸੀ।
ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ ਗਿਆ, ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ। ਨਵਜੋਤ ਸਿੰਘ ਸਿੱਧੂ ਨੂੰ ਲੋਕਲ ਬਾਡੀਜ਼ ਤੇ ਟੂਰਿਜ਼ਮ ਡਿਪਾਰਮੈਂਟ ਦਾ ਮੰਤਰੀ ਬਣਾਇਆ ਗਿਆ। ਕੀ ਉਨ੍ਹਾਂ ਤੋਂ ਪੈਸੇ ਲਏ ਗਏ ਸਨ?
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਨੋਟਿਸ ਦਾ ਜਵਾਬ ਦਿੱਤਾ। ਉਸ ‘ਚ ਕੁੱਝ ਅਖ਼ਬਾਰਾਂ ਦੀਆਂ ਪੁਰਾਣੀਆਂ ਕਟਿੰਗਾਂ ਲਗਾਇਆਂ ਗਈਆਂ ਹੈ। ਕੋਈ 2008 ਤੇ ਕੋਈ 2014 ਦੀ ਹੈ। ਉਸ ‘ਚ ਕੋਈ ਕਰਨਾਟਕ ਤੇ ਕੋਈ ਬਿਹਾਰ ਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਕੋਰਟ ‘ਚ ਹੀ ਜਵਾਬ ਦੇਣਗੇ। ਹੁਣ ਸੁਖਜਿੰਦਰ ਰੰਧਾਵਾ ਦੀ ਵੀ ਪੱਗ ਤੇ ਅਣਖ ਦਾ ਸਵਾਲ ਹੈ।
ਨਵਜੋਤ ਕੌਰ ਸਿੱਧੂ ਨੇ ਨੋਟਿਸ ਦਾ ਕੀ ਜਵਾਬ ਦਿੱਤਾ?
ਦੱਸ ਦੇਈਏ ਕਿ ਨਵਜੋਤ ਕੌਰ ਦੇ ਇਲਜ਼ਾਮਾਂ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਸੀ। ਇਸ ਨੋਟਿਸ ‘ਚ ਕਿਹਾ ਗਿਆ ਸੀ ਕਿ ਨਵਜੋਤ ਕੌਰ ਸਿੱਧੂ ਨੋਟਿਸ ਮਿਲਣ ਤੋਂ ਬਾਅਦ 7 ਦਿਨਾਂ ਅੰਦਰ ਮੁਆਫ਼ੀ ਮੰਗ ਲੈਣ ਨਹੀਂ ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਨਵਜੋਤ ਕੌਰ ਸਿੱਧੂ ਨੇ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਆਪਣਾ ਨੋਟਿਸ ਵਾਪਸ ਲੈ ਲੈਣ ਨਹੀਂ ਤਾਂ ਉਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।