ਸਾਂਸਦ ਚੰਨੀ ਨੇ ਕਿਹਾ ਕਿ ਪੁਲਿਸ ਦੇ ਮੁਲਾਜ਼ਮ ਕਈ ਘੰਟੇ ਘਰ ਅੰਦਰ ਰਹੇ।
ਜਲੰਧਰ ‘ਚ 13 ਸਾਲਾਂ ਲੜਕੀ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ‘ਚ ਲੋਕਾਂ ਦਾ ਰੋਸ ਵੱਧਦਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਵੱਖ-ਵੱਖ ਰਾਜਨੀਤਿਕ ਹਸਤੀਆਂ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਰਹੀਆਂ ਹਨ। ਸੋਮਵਾਰ ਦੇਰ ਰਾਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੁਲਿਸ ‘ਤੇ ਮਾਮਲੇ ਨੂੰ ਦਬਾਉਣ ਦੇ ਇਲਜ਼ਾਮ ਲਗਾਏ।
ਉਨ੍ਹਾਂ ਨੇ ਕਿਹਾ ਕਿ ਜੇਕਰ ਅਗਲੇ ਦੋ-ਤਿੰਨ ਦਿਨਾਂ ਅੰਦਰ ਮੁਲਜ਼ਮ ਪੁਲਿਸ ਕਰਮਚਾਰੀਆਂ ਖਿਲਾਫ਼ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਤਾਂ ਜਲੰਧਰ ‘ਚ ਕਾਂਗਰਸ ਪਾਰਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ‘ਚ ਰੋਡ ਜਾਮ ਤੇ ਬਾਜ਼ਾਰ ਬੰਦ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ ਹੋਵੇਗੀ। ਉਨ੍ਹਾਂ ਨੇ ਕਿਹਾ ਜੇਕਰ ਪੰਜਾਬ ਦੇ ਡੀਜੀਪੀ ਤੇ ਜਲੰਧਰ ਦੇ ਸੀਪੀ ਚਾਹੁੰਦੇ ਹਨ ਕੀ ਜਲੰਧਰ ਦਾ ਮਾਹੌਲ ਸ਼ਾਂਤ ਰਹੇ ਤਾਂ ਮੁਲਜ਼ਮ ਪੁਲਿਸ ਕਰਮਚਾਰੀਆਂ ‘ਤੇ ਤੁਰੰਤ ਕਰਵਾਈ ਕਰੇ, ਨਹੀਂ ਤਾਂ ਸਾਨੂੰ ਮਜ਼ਬੂਰੀ ‘ਚ ਪ੍ਰਦਰਸ਼ਨ ਕਰਨਾ ਪਵੇਗਾ।
‘ਪੁਲਿਸ ਕਰਮਚਾਰੀ ਲਾਸ਼ ਨਾਲ ਚਾਹ ਪੀਂਦੇ ਰਹੇ’
ਸਾਂਸਦ ਚੰਨੀ ਨੇ ਕਿਹਾ ਕਿ ਪੁਲਿਸ ਦੇ ਮੁਲਾਜ਼ਮ ਕਈ ਘੰਟੇ ਘਰ ਅੰਦਰ ਰਹੇ। ਉਹ ਕਮਰੇ ਅੰਦਰ ਜਬਰ-ਜਨਾਹ ਤੇ ਕਤਲ ਹੋਈ ਲਾਸ਼ ਨਾਲ ਚਾਹ ਪੀਂਦੇ ਰਹੇ ਤੇ ਬਾਹਰ ਆ ਕੇ ਕਿਹਾ ਕਿ ਲੜਕੀ ਘਰ ਅੰਦਰ ਨਹੀ ਹੈ। ਬੱਚੀ ਦੀ ਮਾਂ ਨੇ ਸੀਸੀਟੀਵੀ ‘ਚ ਦੇਖਿਆ ਕਿ ਲੜਕੀ ਘਰ ਅੰਦਰ ਗਈ ਸੀ ਤੇ ਬਾਹਰ ਨਹੀਂ ਆਈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਪਰਿਵਾਰ ਨੂੰ ਪੁਲਿਸ ਕਰਮਚਾਰੀਆਂ ਨੇ ਧਮਕੀਆਂ ਦਿੱਤੀਆਂ ਤੇ ਉਨ੍ਹਾਂ ‘ਤੇ ਮਾਮਲਾ ਖ਼ਤਮ ਕਰਨ ਲਈ ਦਬਾਅ ਬਣਾਇਆ।
ਸਾਂਸਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਘਟਨਾ ਪੰਜਾਬ ਪੁਲਿਸ ‘ਤੇ ਸਵਾਲ ਚੁੱਕਦੀ ਹੈ। ਪੰਜਾਬ ਦੇ ਲੋਕ ਡਰ ‘ਚ ਹਨ। ਪੰਜਾਬ ‘ਚ ਸਰੇਆਮ ਗੁੰਡਾ-ਗਰਦੀ, ਲੁਟਾਂ-ਖੋਹਾਂ ਤੇ ਕਤਲ ਹੋ ਰਹੇ ਹਨ। ਬਦਮਾਸ਼, ਗੈਂਗਸਟਰ ਸਰੇਆਮ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ। ਹੁਣ ਇਹ ਸਾਡੀਆਂ ਧੀਆਂ-ਭੈਣਾਂ ਤੱਕ ਪਹੁੰਚ ਗਏ ਹਨ।