ਅੰਮ੍ਰਿਤਸਰ ਵਿੱਚ ਵਰਿੰਦਰ ਸਿੰਘ ਕਤਲ ਕੇਸ ਪੁਲਿਸ ਨੇ ਸੁਲਝਾ ਲਿਆ ਹੈ
ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਖੇਤਰ ਵਿੱਚ 18 ਨਵੰਬਰ ਦੀ ਸਵੇਰ ਹੋਏ ਵਰਿੰਦਰ ਸਿੰਘ ਕਤਲ ਮਾਮਲੇ ਨੂੰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਸੁਲਝਾ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸ਼ੂਟਰਾਂ- ਜੋਬਨਪ੍ਰੀਤ ਉਰਫ਼ ਜੋਬਨ ਅਤੇ ਸੁਖਬੀਰ ਸਿੰਘ ਉਰਫ਼ ਸੁੱਖ, ਨਿਵਾਸੀ ਮਾਹਲ ਕਲਾਨੌਰ (ਉਮਰ ਲਗਭਗ 22 ਸਾਲ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਨੌਜਵਾਨ ਕਤਲ ਦੀ ਘਟਨਾ ਵਿੱਚ ਸਿੱਧੇ ਤੌਰ ਤੇ ਸ਼ਾਮਲ ਸਨ।
ਪੁਲਿਸ ਜਾਂਚ ਦੌਰਾਨ ਹੋਏ ਅਹਿਮ ਖੁਲਾਸੇ
ਪੁਲਿਸ ਤਫ਼ਤੀਸ਼ ਦੌਰਾਨ ਇਹ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਕਿ ਪੂਰੀ ਸਾਜ਼ਿਸ਼ ਨਿਸ਼ਾਨ ਸਿੰਘ ਨਾਂ ਦੇ ਵਿਅਕਤੀ ਨੇ ਰਚੀ ਸੀ, ਜੋ ਇਸ ਸਮੇਂ ਵਿਦੇਸ਼ ਵਿੱਚ ਬੈਠਾ ਹੋਇਆ ਹੈ। ਨਿਸ਼ਾਨ ਸਿੰਘ ਦਾ ਲੰਬੇ ਸਮੇਂ ਤੋਂ ਆਪਣੀ ਪਤਨੀ ਅਰਸ਼ਪ੍ਰੀਤ ਕੌਰ ਨਾਲ ਬੱਚੇ ਦੀ ਕਸਟਡੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਅਰਸ਼ਪ੍ਰੀਤ ਕੌਰ ਮ੍ਰਿਤਕ ਵਰਿੰਦਰ ਸਿੰਘ ਦੀ ਭਾਂਜੀ ਹੈ ਅਤੇ ਉਹ ਉਸ ਦੀ ਕਾਨੂੰਨੀ ਮਦਦ ਕਰ ਰਿਹਾ ਸੀ। ਇਸ ਰੰਜਿਸ਼ ਦੇ ਨਤੀਜੇ ਵਜੋਂ, ਨਿਸ਼ਾਨ ਸਿੰਘ ਨੇ ਦੋ ਨੌਜਵਾਨ ਸ਼ੂਟਰਾਂ ਨੂੰ ਦੁਬਈ ਸੈਟਲ ਕਰਨ ਦਾ ਲਾਲਚ ਦੇ ਕੇ ਇਸ ਜੁਰਮ ਲਈ ਤਿਆਰ ਕੀਤਾ। ਉਹਨਾਂ ਨੂੰ ਹਥਿਆਰ ਤੱਕ ਮੁਹੱਈਆ ਕਰਵਾਇਆ ਗਿਆ।
ਵਰਿੰਦਰ ਸਿੰਘ ਨੂੰ ਨੇੜੇ ਤੋਂ ਗੋਲੀ ਮਾਰੀ
ਵਰਿੰਦਰ ਸਿੰਘ ਨੂੰ ਬਹੁਤ ਨੇੜੇ ਤੋਂ ਗੋਲੀ ਮਾਰੀ ਗਈ। ਜਿਸ ਤੋਂ ਬਾਅਦ ਉਸ ਦੀ ਹਸਪਤਾਲ ਪਹੁੰਚਣ ਤੇ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਨਿਸ਼ਾਨ ਸਿੰਘ ਦੇ ਭੈਣ-ਭੈਣੋਈ—ਗੁਰਲਾਲ ਅਤੇ ਪਰਮਜੀਤ ਕੌਰ, ਨਿਵਾਸੀ ਤਰਨਤਾਰਨ ਨੂੰ ਕਾਬੂ ਕੀਤਾ ਸੀ, ਜੋ ਉਸ ਦੀ ਪੱਖਦਾਰੀ ਕਰ ਰਹੇ ਸਨ।
ਰਿਕਵਰੀ ਲਈ ਗਈ ਪੁਲਿਸ ਪਾਰਟੀ ਤੇ ਚਲਾਈ ਗੋਲੀ
ਸ਼ੂਟਰ ਜੋਬਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਵਾਰਦਾਤ ਲਈ ਵਰਤੀ ਪਿਸਤੌਲ ਛੇਹਰਟਾ ਵਿਖੇ ਇੱਕ ਥਾਂ ਲੁਕਾਈ ਹੋਈ ਹੈ। ਰਿਕਵਰੀ ਲਈ ਗਈ ਪੁਲਿਸ ਪਾਰਟੀ ਤੇ ਆਰੋਪੀ ਨੇ ਅਚਾਨਕ ਪਿਸਤੌਲ ਦੀ ਕੋਕ ਕੱਢ ਕੇ ਗੋਲੀ ਚਲਾ ਦਿੱਤੀ। ਗੋਲੀ ਹੈਡ ਕਾਂਸਟੇਬਲ ਗੁਰਿੰਦਰ ਸਿੰਘ ਦੇ ਕੰਨ ਦੇ ਨੇੜੇ ਤੋਂ ਲੰਘੀ, ਪਰ ਉਹ ਬਚ ਗਏ। ਜਵਾਬੀ ਫਾਇਰਿੰਗ ਵਿੱਚ ਐਸਐਚਓ ਲਵਪ੍ਰੀਤ ਵੱਲੋਂ ਚਲਾਈ ਗੋਲੀ ਸ਼ੂਟਰ ਦੀ ਲੱਤ ਵਿੱਚ ਲੱਗੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭੇਜਿਆ ਗਿਆ ਅਤੇ ਦੋਵੇਂ ਸ਼ੂਟਰ ਗ੍ਰਿਫ਼ਤਾਰ ਹੋ ਗਏ।
ਮੁੱਖ ਸਾਜ਼ਿਸ਼ਕਰਤਾ ਨਿਸ਼ਾਨ ਸਿੰਘ ਦੀ ਤਲਾਸ਼ ਜਾਰੀ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਕੇਸ ਪੂਰੀ ਤਰ੍ਹਾਂ ਸੁਲਝਾ ਲਿਆ ਗਿਆ ਹੈ ਤੇ ਹੁਣ ਮੁੱਖ ਸਾਜ਼ਿਸ਼ਕਰਤਾ ਨਿਸ਼ਾਨ ਸਿੰਘ ਲਈ ਪੁਲਿਸ ਭਾਲ ਕਰ ਰਹੀ ਹੈ।