ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਲਿੰਕ ਸੜਕਾਂ ਦੀ ਗੁਣਵੱਤਾ ਜਾਂਚ ਲਈ ਫਲਾਇੰਗ ਸਕੁਐਡ ਦਾ ਗਠਨ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਭਰ ਵਿੱਚ ਲਿੰਕ ਸੜਕਾਂ ਦੀ ਗੁਣਵੱਤਾ ਜਾਂਚ ਲਈ ਇੱਕ ਵਿਸ਼ੇਸ਼ ਫਲਾਇੰਗ ਸਕੁਐਡ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਮਕਸਦ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਦੇ ਕੰਮ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਫਲਾਇੰਗ ਸਕੁਐਡ ਵਿੱਚ ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ (PWD) ਦੇ ਸੀਨੀਅਰ ਅਧਿਕਾਰੀ ਸ਼ਾਮਲ ਕੀਤੇ ਗਏ ਹਨ ਜੋ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਮੁਰੰਮਤ ਕਾਰਜਾਂ ਦਾ ਅਚਾਨਕ ਮੁਆਇਨਾ ਕਰਨਗੇ। ਸਕੁਐਡ ਦੇ ਮੈਂਬਰ ਮਾਲਵਾ, ਮਾਝਾ ਅਤੇ ਦੋਆਬਾ ਖੇਤਰਾਂ ਦੀਆਂ ਸੜਕਾਂ ਦੀ ਗੁਣਵੱਤਾ, ਉਸਾਰੀ ਦੀ ਮਿਆਰ ਅਤੇ ਰੱਖ-ਰਖਾਅ ਦੀ ਸਥਿਤੀ ਦੀ ਜਾਂਚ ਕਰਨਗੇ।
19,492 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ
ਇਹ ਫੈਸਲਾ ਉਸ ਵੱਡੀ ਯੋਜਨਾ ਦਾ ਹਿੱਸਾ ਹੈ ਜੋ ਮੁੱਖ ਮੰਤਰੀ ਨੇ ਤਰਨਤਾਰਨ ਤੋਂ ਸ਼ੁਰੂ ਕੀਤੀ ਹੈ, ਜਿਸ ਤਹਿਤ ਸੂਬੇ ਵਿੱਚ 19,492 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸ ਮਹੱਤਵਾਕਾਂਕਸ਼ੀ ਪ੍ਰੋਜੈਕਟ ‘ਤੇ ਸਰਕਾਰ ਵੱਲੋਂ ₹3,425 ਕਰੋੜ ਦੀ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ।
ਸੜਕਾਂ ਦੀ ਗੁਣਵੱਤਾ ਵਿੱਚ ਹੋਵੇਗਾ ਸੁਧਾਰ
ਮੁੱਖ ਮੰਤਰੀ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ‘ਤੇ ਸਰਕਾਰੀ ਖਰਚ ਦਾ ਹਰੇਕ ਪੈਸਾ ਲੋਕਾਂ ਦੀ ਭਲਾਈ ਲਈ ਲਗਾਇਆ ਜਾ ਰਿਹਾ ਹੈ। ਫਲਾਇੰਗ ਸਕੁਐਡ ਇਸ ਗੱਲ ਦੀ ਪੱਕੀ ਤਸਦੀਕ ਕਰੇਗਾ ਕਿ ਕਿਸੇ ਵੀ ਥਾਂ ‘ਤੇ ਘਟੀਆ ਸਮੱਗਰੀ ਜਾਂ ਗੈਰ-ਮਿਆਰੀ ਕੰਮ ਨਾ ਹੋਵੇ।
ਇਸ ਕਦਮ ਨਾਲ ਨਾ ਸਿਰਫ਼ ਸੜਕਾਂ ਦੀ ਗੁਣਵੱਤਾ ਵਿੱਚ ਸੁਧਾਰ ਆਵੇਗਾ, ਸਗੋਂ ਸਰਕਾਰੀ ਵਿਭਾਗਾਂ ਵਿੱਚ ਜਵਾਬਦੇਹੀ ਅਤੇ ਵਿਸ਼ਵਾਸਯੋਗਤਾ ਵੀ ਵਧੇਗੀ। ਸਰਕਾਰ ਦਾ ਉਦੇਸ਼ ਹੈ ਕਿ ਪੰਜਾਬ ਦੇ ਲੋਕਾਂ ਨੂੰ ਟਿਕਾਊ ਅਤੇ ਸੁਗਮ ਯਾਤਰਾ ਦੇ ਸੁਵਿਧਾ ਮਿਲ ਸਕੇ।