ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅੱਜ ਹੜ੍ਹ ਤੋਂ ਬਚਣ ਲਈ ਪੜਾਅ ਪੂਰਾ ਕਰ ਲਿਆ ਹੈ।
ਹੜ੍ਹ ਦੇ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਆਖਿਰੀ ਦਿਨ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਦੁਆਰਾ ਚਲਾਏ ਗਏ ਰਾਹਤ ਤੇ ਬਚਾਅ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਨਰਵਾਸ ਤੇ ਮੁਆਵਜ਼ੇ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਘੇਰਿਆ ਤੇ ਰਾਹਤ ਤੇ ਬਚਾਅ ਕਾਰਜ ‘ਚ ਸਹਿਯੋਗ ਦੇਣ ਲਈ ਐਨਡੀਆਰਐਫ, ਐਸਡੀਆਰਐਫ, ਆਰਮੀ, ਐਨਜੀਓਜ਼, ਸਿੰਗਰ, ਅਦਾਕਾਰ ਤੇ ਹਰ ਇੱਕ ਦਾ ਧੰਨਵਾਨ ਕੀਤਾ ।
ਗ੍ਰਹਿ ਮੰਤਰੀ ਨਾਲ ਕਰਾਂਗੇ ਮੁਲਾਕਾਤ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅੱਜ ਹੜ੍ਹ ਤੋਂ ਬਚਣ ਲਈ ਪੜਾਅ ਪੂਰਾ ਕਰ ਲਿਆ ਹੈ। ਹੁਣ ਪੁਨਰਵਾਸ ਦੇ ਲਈ ਬਿੱਲ ਆਵੇਗਾ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ। ਪ੍ਰਤੀ ਏਕੜ 26 ਤੋਂ 33 ਫ਼ੀਸਦੀ ਨੁਕਸਾਨ ਹੁੰਦਾ ਹੈ ਤਾਂ ਦੋ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ। ਪੰਜਾਬ ਸਰਕਾਰ ਨੇ ਉਸ ਨੂੰ ਵਧਾ ਕੇ 10 ਹਜ਼ਾਰ ਕਰ ਦਿੱਤਾ ਹੈ। 33 ਤੋਂ 75 ਫ਼ੀਸਦੀ ਲਈ 6800 ਰੁਪਏ ਦਿੱਤੇ ਜਾਂਦੇ ਸਨ। ਉਸ ਨੂੰ ਵਧਾ ਦਿੱਤਾ ਹੈ। 75 ਤੋਂ 100 ਫ਼ੀਸਦੀ ਨੁਕਸਾਨ ਲਈ 20 ਹਜ਼ਾਰ ਮੁਆਵਜ਼ਾ ਕਰ ਰਹੇ ਹਾਂ। ਉਸ ‘ਚ 6800 ਰੁਪਏ ਐਸਡੀਆਰਐਫ ਦਾ ਹੈ। ਕੱਲ੍ਹ ਮੈਂ ਇਸ ਮਾਮਲੇ ‘ਚ ਗ੍ਰਹਿ ਮੰਤਰੀ ਨਾਲ ਮਿਲ ਰਿਹਾ ਹਾਂ।
15 ਅਕਤੂਬਰ ਤੋਂ ਮੁਆਵਜ਼ਾ ਦੇਣਾ ਸ਼ੁਰੂ
ਸੀਐਮ ਮਾਨ ਨੇ ਕਿਹਾ ਕਿ 20 ਅਕਤੂਬਰ ਤੋਂ ਦੀਵਾਲੀ ਹੈ। ਅਸੀਂ 15 ਅਕਤੂਬਰ ਤੋਂ ਲੋਕਾਂ ਨੂੰ ਫਸਲਾਂ, ਪਸ਼ੂਆਂ, ਘਰਾਂ ਤੇ ਹੋਰ ਚੀਜ਼ਾਂ ਲਈ ਮੁਆਵਜ਼ੇ ਦੇ ਚੈੱਕ ਜਾਰੀ ਕਰਨੇ ਸ਼ੁਰੂ ਕਰ ਦੇਵਾਂਗੇ। ਵਿਸ਼ੇਸ਼ ਤੌਰ ‘ਤੇ ਗਿਰਦਾਵਰੀ ਕੀਤੀ ਜਾਵੇਗੀ। ਪ੍ਰਤੀ ਏਕੜ ਰੇਤ ਹਟਾਉਣ ਲਈ 7200 ਰੁਪਏ ਦਿੱਤੇ ਜਾਣਗੇ। ਕੁੱਝ ਜ਼ਮੀਨਾਂ ਰੁੱੜ ਗਈਆਂ। ਉਸ ਦੇ ਲਈ 18,800 ਰੁਪਏ ਦਿੱਤੇ ਜਾਣਗੇ।
ਸੀਐਮ ਨੇ ਬਚਾਅ ਕਾਰਜਾਂ ਲਈ ਟੀਮਾਂ ਦਾ ਕੀਤਾ ਧੰਨਵਾਦ
ਸੀਐਮ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਮਦਦ ਲਈ ਨੌਜਵਾਨਾਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਐਨਡੀਆਰਐਫ, ਐਸਡੀਆਰਐਫ, ਭਾਰਤੀ ਫੌਜ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ, ਵਰਕਰਾਂ, ਐਨਜੀਓਜ਼, ਸਿੰਗਰਸ, ਅਦਾਕਾਰਾਂ ਤੇ ਆਮ ਲੋਕਾਂ ਦਾ ਧੰਨਵਾਦ ਕੀਤਾ।
ਪੰਜਾਬ ਕੋਈ ਯੂਟੀ ਨਹੀਂ
ਸੀਐਮ ਮਾਨ ਨੇ ਕਿਹਾ ਕਿ ਅਸੀਂ ਕੇਂਦਰ ਕੋਲੋਂ ਪ੍ਰਤੀ ਏਕੜ ਲਈ 50 ਹਜ਼ਾਰ ਮੁਆਵਜ਼ੇ ਦੀ ਗੱਲ ਰੱਖੀ ਪਰ ਉਹ ਨਹੀਂ ਮੰਨੇ। ਕੇਂਦਰ ਦਾ ਇੱਕ ਮੰਤਰੀ ਪਰਸੋਂ ਪੰਜਾਬ ਆਇਆ, ਜਿਸ ਨੇ ਕਿਹਾ ਕਿ ਅਸੀਂ 1600 ਕਰੋੜ ਸਰਕਾਰ ਨੂੰ ਨਾ ਦੇ ਕੇ ਸਿੱਧੇ ਕਿਸਾਨਾਂ ਨੂੰ ਦੇਵਾਂਗੇ। ਕੀ ਪੰਜਾਬ ਕੋਈ ਯੂਟੀ (ਕੇਂਦਰ ਸਾਸ਼ਤ ਪ੍ਰਦੇਸ਼) ਹੈ। ਪ੍ਰਧਾਨ ਮੰਤਰੀ ਗਵਰਨਰ ਨੂੰ ਮਿਲ ਚੁੱਕੇ ਹਨ। ਜਦੋਂ ਕਿ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ।