ਸਪੀਕਰ ਸੰਧਵਾਂ ਨੇ ਕਿਹਾ ਕਿ ਭਾਖੜਾ ਬਿਆਸ ਮਨੇਜਮੈਂਟ ਬੋਰਡ ਦਾ ਪੂਰਾ ਕੰਟਰੋਲ ਸਾਡੇ ਕੋਲ ਹੋਣਾ ਚਾਹੀਦਾ ਹੈ।
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੁਰੂ ਹੋ ਗਿਆ ਹੈ। ਸਵੇਰ 11 ਵਜੇ ਸ਼ੁਰੂ ਹੋਏ ਵਿਸ਼ੇਸ਼ ਸੈਸ਼ਨ ‘ਚ ਸਭ ਤੋਂ ਪਹਿਲਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੀਆਂ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਵਿਧਾਨ ਸਭਾ ਨੂੰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਜਦੋਂ ਦੁਬਾਰਾ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਹੀ ਪ੍ਰਬੰਧਨ ਨਾ ਹੋਣਾ ਤੇ ਜ਼ਰੂਰਤ ਤੋਂ ਵੱਧ ਕੁਦਰਤੀ ਸਰੋਤਾਂ ਦੀ ਵਰਤੋਂ ਵੀ ਹੜ੍ਹ ਦਾ ਕਾਰਨ ਬਣੀ ਹੈ।
ਗਲੋਬਲ ਵਾਰਮਿੰਗ ਤੇ ਗਾਦ ਵੀ ਕਾਰਨ
ਸਪੀਕਰ ਸੰਧਵਾਂ ਨੇ ਕਿਹਾ ਕਿ ਭਾਖੜਾ ਬਿਆਸ ਮਨੇਜਮੈਂਟ ਬੋਰਡ (ਬੀਬੀਐਮਬੀ) ਦਾ ਪੂਰਾ ਕੰਟਰੋਲ ਸਾਡੇ ਕੋਲ ਹੋਣਾ ਚਾਹੀਦਾ ਹੈ। ਮਾਹਿਰਾਂ ਨੇ ਗਾਦ ਨੂੰ ਵੀ ਹੜ੍ਹ ਦਾ ਕਾਰਨ ਦੱਸਿਆ ਹੈ। ਗਲੋਬਲ ਵਾਰਮਿੰਗ ਵੀ ਇੱਕ ਵੱਡਾ ਕਾਰਨ ਹੈ। ਮੰਤਰੀ ਦੇ ਸਾਂਸਦ ਸੰਤ ਸੀਚੇਵਾਲ ਬੰਨ੍ਹਾਂ ਨੂੰ ਮਜ਼ਬੂਤ ਕਰਨ ‘ਚ ਜੁਟੇ ਰਹੇ। ਅੱਜ ਤੱਕ ਇੰਨੀ ਵੱਡੀ ਆਫ਼ਤ ਨਹੀਂ ਦੇਖੀ।
‘ਸਾਨੂੰ ਪੂਰਾ ਕੰਟਰੋਲ ਚਾਹੀਦਾ, ਸਾਨੂੰ ਅਹਿਮ ਫੈਸਲਿਆ ਲਈ ਪੱਤਰ ਲਿਖਣੇ ਪੈਂਦੇ ਹਨ‘
ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਭਾਖੜਾ ਬਿਆਸ ਦਾ ਸਾਰਾ ਪ੍ਰਬੰਧਨ ਸਰਕਾਰ ਕੋਲ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਨੂੰ ਲੈ ਕੇ ਸਹੀ ਫੈਸਲੇ ਲੈ ਸਕੀਏ। ਅਸੀਂ ਫੈਸਲਾ ਕਰ ਸਕੀਏ ਕਿ ਕਿੰਨਾਂ ਪਾਣੀ ਛੱਡਣਾ ਹੈ ਤੇ ਕਿੰਨਾ ਰੋਕਣਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਅਹਿਮ ਫੈਸਲੇ ਕਰਨੇ ਹੁੰਦੇ ਹਨ ਤਾਂ ਬੀਬੀਐਮਬੀ ਨੂੰ ਪੱਤਰ ਲਿਖਣਾ ਪੈਂਦਾ ਹੈ। ਬੀਬੀਐਮਬੀ ਦੀ ਜ਼ਿੱਦ ਤੇ ਅੜੀ ਦੇ ਕਾਰਨ ਅਸੀਂ ਕੋਈ ਫੈਸਲਾ ਨਹੀਂ ਕਰ ਸਕੇ। ਸਮੇਂ ‘ਤੇ ਬੈਠਕਾਂ ਨਹੀਂ ਬੁਲਾਈਆਂ ਗਈਆ।
ਸਾਡੇ ਨਾਲ ਮਤਰੇਈ ਮਾਂ ਵਰਗਾ ਵਿਵਹਾਰ ਕੀਤਾ ਜਾ ਰਿਹਾ
ਮੰਤਰੀ ਗੋਇਲ ਨੇ ਕਿਹਾ ਕਿ 10 ਲੱਖ ਕਿਊਸਕ ਪਾਣੀ ਦਰਿਆਵਾਂ ‘ਚ ਆਇਆ, ਜਿਸ ਕਾਰਨ ਧੁੱਸੀ ਬੰਨ੍ਹ ਟੁੱਟ ਗਏ। ਪਾਣੀ ਓਵਰਫਲੋਅ ਹੋ ਗਿਆ, ਜੋ ਹੜ੍ਹ ਦਾ ਕਾਰਨ ਬਣਿਆ। ਉਨ੍ਹਾਂ ਨੇ ਕਿਹਾ ਕਿ ਹੜ੍ਹ ‘ਚ ਮਦਦ ਦੀ ਜਗ੍ਹਾ ਕੇਂਦਰ ਨੇ ਪੰਜਾਬ ਨੂੰ ਦੋਸ਼ ਦੇ ਦਿੱਤਾ। ਹੜ੍ਹ ਦਾ ਕਾਰਨ ਮਾਈਨਿੰਗ ਨੂੰ ਦੱਸ ਦਿੱਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਦੇਰੀ ਨਾਲ ਦੌਰਾ ਕੀਤਾ। ਪੰਜਾਬ ਦੇ ਲਈ ਇਕ ਪੋਸਟ ਤੱਕ ਨਹੀਂ ਕੀਤੀ। ਸਿਰਫ਼ 1600 ਕਰੋੜ ਰੁਪਏ ਦੇ ਕੇ ਗਏ।
ਹਰਿਆਣਾ ਤੇ ਰਾਜਸਥਾਨ ਨੇ ਹੜ੍ਹ ਦੌਰਾਨ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ, ਪਰ ਉਹ ਓਦਾਂ ਪਾਣੀ ਮੰਗਦੇ ਰਹਿੰਦੇ ਹਨ। ਕੇਂਦਰ ਨੂੰ ਖੁਲ੍ਹ ਕੇ ਪੰਜਾਬ ਨਾਲ ਆਉਣਾ ਚਾਹੀਦਾ ਹੈ। ਕੇਂਦਰ ਨੂੰ ਆਪਣੀ ਗਲਦੀ ਸੁਧਾਰਨੀ ਚਾਹੀਦੀ ਹੈ। ਸੀਐਮ ਮਾਨ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਸਾਡੇ ਨਾਲ ਮਤਰੇਈ ਮਾਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ।