ਐਸਡੀਐਮ ਜਸਲੀਨ ਕੌਰ ਨੇ ਪੱਤਰ ‘ਚ ਬੰਨ੍ਹ ਨੂੰ ਸੁਰੱਖਿਅਤ ਮਜ਼ਬੂਤ ਕਰਨ ਲਈ ਇੰਜੀਨਿਅਰਿੰਗ ਮਦਦ ਮੰਗੀ ਹੈ।
ਲੁਧਿਆਣਾ ਦੇ ਸਸਰਾਲੀ ‘ਚ ਸਤਲੁਜ ਦਰਿਆ ਕਿਨਾਰੇ ਬੰਨ੍ਹ ਅਜੇ ਵੀ ਨਾਜ਼ੁਕ ਬਣੇ ਹੋਏ ਹਨ ਤੇ ਹੁਣ ਦਰਿਆ ਨੇ ਆਪਣਾ ਰਸਤਾ ਬਦਲ ਲਿਆ ਹੈ। ਇਸ ਨਾਲ ਕਿਸਾਨਾਂ ਦੇ ਖੇਤਾਂ ‘ਚ ਲਗਾਤਾਰ ਕਟਾਅ ਹੋ ਰਿਹਾ ਹੈ। ਹੁਣ ਤੱਕ ਇੱਥੇ 300 ਏਕੜ ਤੋਂ ਵੱਧ ਫਸਲ ਤਬਾਹ ਹੋ ਚੁੱਕੀ ਹੈ। ਹਾਲਾਤ ਵਿਗੜਦੇ ਦੇਖ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ‘ਤੇ ਐਸਡੀਐਮ ਜਸਲੀਨ ਕੌਰ ਨੇ ਸੈਨਾ ਨੂੰ ਪੱਤਰ ਲਿਖਿਆ ਹੈ। ਇਸ ਦੀ ਕਾਪੀ ਪੰਜਾਬ ਦੇ ਮੁੱਖ ਸਕੱਤਰ ਨੂੰ ਵੀ ਭੇਜੀ ਗਈ ਹੈ।
ਐਸਡੀਐਮ ਜਸਲੀਨ ਕੌਰ ਨੇ ਪੱਤਰ ‘ਚ ਬੰਨ੍ਹ ਨੂੰ ਸੁਰੱਖਿਅਤ ਤੇ ਮਜ਼ਬੂਤ ਕਰਨ ਲਈ ਇੰਜੀਨਿਅਰਿੰਗ ਮਦਦ ਮੰਗੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸਤਲੁਜ ਦਰਿਆ ‘ਚ ਪਾਣੀ ਦੇ ਲਗਾਤਾਰ ਵਹਾਅ ਕਾਰਨ ਮੱਤੇਵਾੜਾ ਖੇਤਰ ‘ਚ ਧੁੱਸੀ ਬੰਨ੍ਹ ਤੋਂ ਬਾਹਰ ਖੇਤੀਬਾੜੀ ਜ਼ਮੀਨ ਦਾ ਲਗਾਤਾਰ ਕਟਾਅ ਹੋ ਰਿਹਾ ਗੈ। ਦਰਿਆ ਦੇ ਇਸ ਲਗਾਤਾਰ ਕਟਾਅ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਆਪਣੇ ਵੱਲੋਂ ਸਾਰੀ ਮਦਦ ਦਾ ਇਸਤੇਮਾਲ ਕਰ ਰਿਹਾ ਹੈ, ਪਰ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸੈਨਾ ਦੀ ਤੁਰੰਤ ਮਦਦ ਤੇ ਇੰਜੀਨੀਅਰਿੰਗ ਵਿੰਗ ਦੀ ਤਕਨੀਕੀ ਟੀਮ ਭੇਜੀ ਜਾਵੇ ਤਾਂ ਜੋ ਲਗਾਤਾਰ ਹੋ ਰਹੇ ਕਟਾਅ ਨੂੰ ਰੋਕਿਆ ਜਾ ਸਕੇ।
ਦਰਿਆ ਨੇ ਬਦਲ ਲਿਆ ਰਸਤਾ
ਹਾਲਾਤ ਇਹ ਹਨ ਕਿ ਜਿੱਥੇ ਪਹਿਲੇ ਸਤਲੁਜ ਵੱਗਦਾ ਸੀ, ਉੱਥੇ ਦਰਿਆ ਸੁੱਕਾ ਪਿਆ ਹੈ ਤੇ ਜਿੱਥੇ ਹੁਣ ਸਤਲੁਜ ਵੱਗ ਰਿਹਾ ਹੈ, ਉੱਥੇ ਕਿਸਾਨਾਂ ਦੀਆਂ ਜ਼ਮੀਨਾਂ ਹਨ। ਹੜ੍ਹ ਦੇ ਖ਼ਤਰੇ ਦੌਰਾਨ ਇੱਥੇ ਪ੍ਰਸ਼ਾਸਨ ਤੇ ਕਈ ਐਨਡੀਓਜ਼ ਨੇ ਬੰਨ੍ਹ ਮਜ਼ਬੂਤ ਕਰਨ ਲਈ ਮਦਦ ਕੀਤੀ। ਪਰ ਹੁਣ ਇੱਕ ਵਾਰ ਫਿਰ ਦਰਿਆ ਦੇ ਵਹਾਅ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਦਾ ਕਟਾਅ ਹੋ ਰਿਹਾ ਹੈ।