ਮਜੀਠੀਆ ‘ਤੇ ਦਰਜ ਮਾਮਲੇ- ਸਰਕਾਰੀ ਕੰਮ ‘ਚ ਰੁਕਾਵਟ ਪਾਉਣ ‘ਚ ਦਾਇਰ ਜਮਾਨਤ ਪਟੀਸ਼ਨ ‘ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ।
ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਨਾਭਾ ਜੇਲ੍ਹ ‘ਚ ਬੰਦ ਸ਼੍ਰੋਮਣੀ ਅਕਾਲੀ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਦਰਜ ਮਾਮਲੇ- ਸਰਕਾਰੀ ਕੰਮ ‘ਚ ਰੁਕਾਵਟ ਪਾਉਣ ‘ਚ ਦਾਇਰ ਜਮਾਨਤ ਪਟੀਸ਼ਨ ‘ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਆਪਣਾ ਜਵਾਬ ਦਾਖਲ ਕੀਤਾ ਗਿਆ।
ਉੱਥੇ ਹੀ, ਹੁਣ ਇਸ ਮਾਮਲੇ ‘ਚ 29 ਸਤੰਬਰ ਨੂੰ ਬਹਿਸ ਹੋਵੇਗੀ। ਇਸ ਤੋਂ ਪਹਿਲਾਂ ਮਜੀਠੀਆ ਨੇ ਜ਼ਮਾਨਤ ਦੇ ਲਈ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ‘ਚ ਐਪਲੀਕੇਸ਼ਨ ਲਗਾਈ ਸੀ, ਪਰ ਉਸ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ।
ਡੇਰਾ ਬਿਆਸ ਦੇ ਸਾਬਕਾ ਮੁੱਖੀ ਨੇ ਕੀਤੀ ਮੁਲਾਕਾਤ
ਦੂਜੇ ਪਾਸੇ, ਅੱਜ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਰਾਧਾ ਸੁਆਮੀ, ਡੇਰਾ ਬਿਆਸ ਦੇ ਸਾਬਕਾ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ‘ਚ ਪਹੁੰਚੇ। ਉਨ੍ਹਾਂ ਨੇ ਕਰੀਬ 35 ਮਿੰਟ ਤੱਕ ਮਜੀਠੀਆ ਨਾਲ ਮੁਲਾਕਾਤ ਕੀਤੀ। ਉਹ ਸਵੇਰ ਕਰੀਬ 11 ਵਜੇ ਆਪਣੀ ਕਾਰ ‘ਚ ਜੇਲ੍ਹ ਪਹੁੰਚੇ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਦੇਖੇ ਗਏ। ਇਸ ਦੌਰਾਨ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਪਤਾ ਚੱਲਿਆ ਕਿ ਸਾਬਕਾ ਡੇਰਾ ਮੁੱਖੀ ਉੱਥੇ ਪਹੁੰਚ ਰਹੇ ਹਨ ਤਾਂ ਕਾਫ਼ੀ ਸੰਖਿਆਂ ‘ਚ ਸ਼ਰਧਾਲੂ ਵੀ ਉਨ੍ਹਾਂ ਦੇ ਦਰਸ਼ਨਾਂ ਲਈ ਪਹੁੰਚੇ।
ਇਸ ਦੌਰਾਨ ਡੇਰਾ ਬਿਆਸ ਦੇ ਸਾਬਕਾ ਮੁੱਖੀ ਗੁਰਿੰਦਰ ਢਿੱਲੋਂ ਨੇ ਹੱਥ ਜੋੜ੍ਹ ਕੇ ਆਪਣੇ ਸ਼ਰਧਾਲੂਆਂ ਨੂੰ ਨਮਸਕਾਰ ਕੀਤਾ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰੋਪੜ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਫਿਰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਵੀ ਮੁਲਾਕਾਤ ਕੀਤੀ।